
ਜਕਾਰਤਾ, 5 ਫ਼ਰਵਰੀ : ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਨੇ ਸੋਮਵਾਰ ਨੂੰ ਚਿਤਾਵਨੀ ਦਿਤੀ ਕਿ ਮਿਆਂਮਾਰ ਵਲੋਂ ਰੋਹਿੰਗਿਆ ਮੁਸਲਿਮ ਘੱਟਗਿਣਤੀ ਵਿਰੁਧ 'ਕਤਲੇਆਮ ਅਤੇ ਨਸਲੀ ਸਫ਼ਾਏ' ਦੀ ਸੰਭਾਵਤ ਕਾਰਵਾਈ ਕਾਰਨ ਧਰਮ ਆਧਾਰਤ ਸੰਘਰਸ਼ ਵੱਧ ਸਕਦਾ ਹੈ ਅਤੇ ਇਸ ਦਾ ਫੈਲਾਅ ਹੁਣ ਦੇਸ਼ ਦੀ ਸਰਹੱਦ ਤੋਂ ਬਾਹਰ ਵੀ ਹੋ ਰਿਹਾ ਹੈ।ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦੇ ਮੁਖੀ ਜੀਦ ਰਾਦ ਅਲ-ਹੁਸੈਨ ਨੇ ਸੋਮਵਾਰ ਨੂੰ ਇੰਡੋਨੇਸ਼ੀਆ 'ਚ ਇਸ ਗੱਲ ਨੂੰ ਦੁਹਰਾਉਂਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਰੋਹਿੰਗਿਆ ਵਿਰੁਧ ਹਿੰਸਕ ਮੁਹਿੰਮ ਦੌਰਾਨ ਕਤਲੇਆਮ ਅਤੇ ਜਾਤੀ ਸਫ਼ਾਏ ਦੀ ਕਾਰਵਾਈ ਹੋਈ ਹੋਵੇ, ਜਿਸ ਕਾਰਨ ਤਕਰੀਬਨ 10 ਲੱਖ ਲੋਕ ਪਲਾਇਨ ਕਰ ਕੇ ਗੁਆਂਢੀ ਦੇਸ਼ ਬੰਗਲਾਦੇਸ਼
ਚਲੇ ਗਏ। ਅਲ-ਹੁਸੈਨ ਨੇ ਕਿਹਾ, ''ਖੇਤਰ ਦੀ ਸੁਰੱਖਿਆ 'ਤੇ ਗੰਭੀਰ ਪ੍ਰਭਾਵ ਪੈਣ ਕਾਰਨ ਮਿਆਂਮਾਰ ਨੂੰ ਬੇਹੱਦ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਿਆ। ਜੇ ਰੋਹਿੰਗਿਆ ਸੰਕਟ ਕਾਰਨ ਧਾਰਮਕ ਪਛਾਣ 'ਤੇ ਆਧਾਰਤ ਵਿਆਪਕ ਸੰਘਰਸ਼ ਭੜਕਦਾ ਹੈ ਤਾਂ ਵਿਵਾਦ ਗੰਭੀਰ ਚਿਤਾਵਨੀ ਦਾ ਕਾਰਨ ਬਣ ਸਕਦੇ ਹਨ।'' ਅਲ-ਹੁਸੈਨ ਇੰਡੋਨੇਸ਼ੀਆ ਦੇ ਤਿੰਨ ਦਿਨਾਂ ਦੌਰੇ 'ਤੇ ਹਨ।ਜ਼ਿਕਰਯੋਗ ਹੈ ਕਿ ਬੀਤੇ ਸਾਲ ਅਗੱਸਤ ਮਹੀਨੇ ਮਿਆਂਮਾਰ 'ਚ ਫ਼ੌਜ ਦੀ ਹਿੰਸਕ ਕਾਰਵਾਈ ਕਾਰਨ ਵੱਡੀ ਗਿਣਤੀ ਵਿਚ ਰੋਹਿੰਗਿਆ ਮੁਸਲਮਾਨਾਂ ਨੇ ਬੰਗਲਾਦੇਸ਼ 'ਚ ਪਨਾਹ ਲਈ ਸੀ। (ਪੀਟੀਆਈ)