
ਨਿਊਯਾਰਕ: ਰੋਜ਼ਾਨਾ ਹਲਦੀ ਖਾਣ ਨਾਲ ਯਾਦਦਾਸ਼ਤ ਚੰਗੀ ਹੋ ਸਕਦੀ ਹੈ ਅਤੇ ਮੂਡ ਵੀ ਤਰੋਤਾਜ਼ਾ ਹੋ ਸਕਦਾ ਹੈ। ਇਹ ਦਾਅਵਾ ਤਾਜ਼ਾ ਅਧਿਐਨ ਵਿਚ ਕੀਤਾ ਗਿਆ। ਪਹਿਲਾਂ ਵਾਲੇ ਅਧਿਐਨਾਂ ਵਿਚ ਦਸਿਆ ਗਿਆ ਸੀ ਕਿ ਹਲਦੀ ਵਿਚ ਪਾਏ ਜਾਣ ਵਾਲੇ 'ਕਰਕਿਊਮਿਨ' ਵਿਚ ਆਕਸੀਕਰਨ ਰੋਧੀ ਗੁਣ ਹੁੰਦੇ ਹਨ।
ਇਸ ਨੂੰ ਇਕ ਸੰਭਾਵੀ ਕਾਰਨ ਦਸਿਆ ਗਿਆ ਹੈ ਕਿ ਭਾਰਤ ਵਿਚ, ਜਿਥੇ ਕਰਕਿਊਮਿਨ ਆਹਾਰ ਵਿਚ ਸ਼ਾਮਲ ਹੁੰਦਾ ਹੈ, ਬੁੱਢੇ ਬਜ਼ੁਰਗ ਅਲਜਾਇਮਰ ਦੀ ਲਪੇਟ ਵਿਚ ਘੱਟ ਆਉਂਦੇ ਹਨ ਅਤੇ ਉਨ੍ਹਾਂ ਦੀ ਯਾਦਦਾਸ਼ਤ ਵੀ ਤੁਲਨਾਤਮਕ ਰੂਪ ਵਿਚ ਚੰਗੀ ਹੁੰਦੀ ਹੈ।
ਲਾਸ ਏਂਜਲਸ ਦੀ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਦੇ ਗੈਰੀ ਸਮਾਲ ਨੇ ਦਸਿਆ, 'ਕਰਕਿਊਮਿਨ ਅਪਣਾ ਅਸਰ ਕਿਵੇਂ ਵਿਖਾਉਂਦਾ ਹੈ, ਇਹ ਠੀਕ ਠਾਕ ਪਤਾ ਨਹੀਂ ਹੈ ਪਰ ਦਿਮਾਗ਼ੀ ਉਤੇਜਨਾ ਨੂੰ ਘੱਟ ਕਰਨ ਦੀ ਇਸ ਦੀ ਸਮਰੱਥਾ ਕਾਰਨ ਅਜਿਹਾ ਹੋ ਸਕਦਾ ਹੈ ਜਿਸ ਨੂੰ ਅਲਜਾਇਮਰ ਰੋਗ ਅਤੇ ਡੂੰਘੇ ਅਵਸਾਦ ਨਾਲ ਜੋੜਿਆ ਗਿਆ ਹੈ।'
ਅਮਰੀਕਨ ਜਰਨਲ ਆਫ਼ ਜੇਰਿਯਾਟ੍ਰਿਕ ਸਾਈਕੈਟਰੀ ਵਿਚ ਛਪੇ ਇਸ ਅਧਿਐਨ ਵਿਚ 50 ਅਤੇ 90 ਸਾਲ ਦੀ ਉਮਰ ਦੇ ਅਜਿਹੇ 40 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਯਾਦਦਾਸ਼ਤ ਨਾਲ ਜੁੜੀਆਂ ਛੋਟੀਆਂ-ਮੋਟੀਆਂ ਸ਼ਿਕਾਇਤਾਂ ਸਨ।