
ਸਾਊਦੀ ਅਰਬ ਵਰਗੇ ਦੇਸ਼, ਜਿੱਥੇ ਔਰਤਾਂ ਬੁਰਕਾ ਪਾਈ ਰੱਖਦੀਆਂ ਹਨ, ਇਸ ਦੇ ਇਤਿਹਾਸ ਵਿੱਚ ਕੱਲ੍ਹ ਕੁਝ ਇਹੋ ਜਿਹਾ ਦੇਖਣ ਨੂੰ ਮਿਲਿਆ, ਜਿਸ ਤੋਂ ਸਾਰੇ ਲੋਕ ਹੈਰਾਨ ਰਹਿ ਗਏ। ਇਸ ਦੇਸ਼ ਨੇ ਇਕ ਔਰਤ ਗਾਇਕਾ ਨੂੰ ਪਹਿਲੀ ਵਾਰ ਜਨਤਕ ਸਮਾਰੋਹ ਵਿੱਚ ਇਕੱਲਿਆਂ ਗਾਉਣ ਦੀ ਖੁੱਲ੍ਹ ਦਿੱਤੀ ਹੈ।
ਲੇਬਨਾਨ ਦੀ ਪ੍ਰਸਿੱਧ ਗਾਇਕਾ ਹੀਬਾ ਤਵਾਜੀ ਨੇ ਰਾਜਧਾਨੀ ਰਿਆਧ ਦੇ ਕਿੰਗ ਫਾਹਦ ਕਲਚਰਲ ਸੈਂਟਰ ਵਿਚ ਹੋਏ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਸਟੇਜ ਉੱਤੇ ਖੜ੍ਹੇ ਹੋ ਕੇ ਗਾਇਆ।
ਇਕ ਨਿਊਜ਼ ਚੈਨਲ ਦੇ ਮੁਤਾਬਕ ਹੀਬਾ ਦੇ ਗਾਣੇ ਦਾ ਹਜ਼ਾਰਾਂ ਦਰਸ਼ਕਾਂ ਨੇ ਮਜ਼ਾ ਲਿਆ ਅਤੇ ਸਮਾਗਮ ਵਿੱਚ ਕੁਝ ਔਰਤਾਂ ਨੇ ਵੀ ਹਾਜ਼ਰ ਸਨ। ਹੀਬਾ ਨੇ ਕਿਹਾ ਕਿ ਉਹ ਸਾਊਦੀ ਅਰਬ ਪਹਿਲੀ ਵਾਰ ਆਈ ਹੈ ਤੇ ਇੱਥੇ ਉਸ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਹੈ।
ਉਸ ਨੇ ਕਿਹਾ ਕਿ ਸਾਊਦੀ ਅਰਬ ਦੀ ਸਟੇਜ ਉੱਤੇ ਪੇਸ਼ਕਾਰੀ ਦੇਣ ਵਾਲੀ ਪਹਿਲੀ ਔਰਤ ਬਣ ਕੇ ਉਹ ਖੁਦ ਨੂੰ ਮਾਣ ਮਹਿਸੂਸ ਕਰ ਰਹੀ ਹੈ। ਸਾਰੀਆਂ ਔਰਤਾਂ ਨੂੰ ਉਨ੍ਹਾਂ ਦੇ ਇਸ ਕੰਮ ਲਈ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਪਹਿਲੀ ਵਾਰ ਕਿਸੀ ਔਰਤ ਨੂੰ ਸਾਊਦੀ ਅਰਬ ਵਿਚ ਸਮਾਗਮ ਵਿੱਚ ਗਾਉਣ ਦਾ ਮੌਕਾ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਸਾਊਦੀ ਅਰਬ ਵਿਚ ਏਦਾਂ ਦੇ ਸਮਾਗਮ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਬੀਤੇ ਦਿਨੀਂ ਇਹੋ ਜਿਹੇ ਮਾਮਲੇ ਵਿੱਚ ਸਾਊਦੀ ਅਰਬ ਦੀ ਸਰਕਾਰ ਨੇ ਪਹਿਲੀ ਸੰਗੀਤਕਾਰ ਨੂੰ ਲਾਈਵ ਪੇਸ਼ਕਾਰੀ ਦੇ ਲਈ ਇਜਾਜ਼ਤ ਦਿੱਤੀ ਹੈ। ਇਹ ਇਜਾਜ਼ਤ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਲੋਂ ਸ਼ੁਰੂ ਕੀਤੇ ਸੁਧਾਰ ਮਗਰੋਂ ਦਿੱਤੀ ਗਈ ਹੈ।
ਇਹੋ ਨਹੀਂ ਸਾਊਦੀ ਅਰਬ ਸਰਕਾਰ ਦੇਸ਼ ਦੀ ਅਰਥ ਵਿਵਸਥਾ ਵਿੱਚ ਵਿਭਿੰਨਤਾ ਲਿਆਉਣ ਲਈ ਸੈਰ-ਸਪਾਟਾ ਤੇ ਮਨੋਰੰਜਨ ਜਗਤ ਵਿਚ ਵੀ ਕਈ ਕਿਸਮ ਦੇ ਬਦਲਾਅ ਪੇਸ਼ ਕਰਨ ਵੱਲ ਵਧ ਰਹੀ ਹੈ।