
ਪਿਉਂਗਯਾਂਗ, 26 ਦਸੰਬਰ : ਸੰਯੁਕਤ ਰਾਸ਼ਟਰ ਅਤੇ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਵੀ ਉੱਤਰ ਕੋਰੀਆ ਮਿਜ਼ਾਈਲਾਂ ਦਾ ਪ੍ਰੀਖਣ ਕਰਨ 'ਚ ਲਗਿਆ ਹੋਇਆ ਹੈ। ਇਸ ਵਾਰ ਉੱਤਰ ਕੋਰੀਆ ਇਕ ਸੈਟੇਲਾਈਟ ਲਾਂਚ ਕਰਨ ਦੀ ਤਿਆਰੀ 'ਚ ਹੈ। ਮਾਹਰਾਂ ਨੇ ਚਿਤਾਵਨੀ ਦਿਤੀ ਹੈ ਕਿ ਉੱਤਰ ਕੋਰੀਆ ਪੁਲਾੜ ਪ੍ਰੋਗਰਾਮ ਦੀ ਆੜ 'ਚ ਪ੍ਰਮਾਣੂ ਪ੍ਰੀਖਣ ਕਰ ਰਿਹਾ ਹੈ। ਉੱਤਰ ਕੋਰੀਆ ਨੇ ਇਸ ਸਾਲ ਕਈ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ, ਜਿਸ 'ਚ ਇਕ ਹਾਈਡ੍ਰੋਜਨ ਬੰਬ ਵੀ ਸ਼ਾਮਲ ਹੈ। ਅਪਣੇ ਪ੍ਰਮਾਣੂ ਪ੍ਰੋਗਰਾਮਾਂ ਕਾਰਨ ਉੱਤਰ ਕੋਰੀਆ 'ਤੇ ਕਈ ਪਾਬੰਦੀਆਂ ਲਗਾਈਆਂ ਜਾ ਚੁਕੀਆਂ ਹਨ, ਪਰ ਇਸ ਦਾ ਵੀ ਕੋਈ ਅਸਰ ਨਹੀਂ ਵਿਖਾਈ ਦੇ ਰਿਹਾ।
ਦੱਖਣ ਕੋਰੀਆ ਮੁਤਾਬਕ ਵੱਖ-ਵੱਖ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉੱਤਰ ਕੋਰੀਆ ਨੇ ਇਕ ਨਵਾਂ ਸੈਟੇਲਾਈਟ ਤਿਆਰ ਕੀਤਾ ਹੈ, ਜਿਸ ਦਾ ਨਾਂ 'ਕਵਾਂਗਮਿਉਂਗਸੋਂਗ-5' ਹੈ। ਉਨ੍ਹਾਂ ਦੀ ਯੋਜਨਾ ਕੈਮਰੇ ਅਤੇ ਦੂਰਸੰਚਾਰ ਉਪਕਰਣਾਂ ਨਾਲ ਲੈਸ ਇਸ ਸੈਟੇਲਾਈਟ ਨੂੰ ਪੁਲਾੜ 'ਚ ਸਥਾਪਤ ਕਰਨਾ ਹੈ। ਇਸ ਤੋਂ ਪਹਿਲਾਂ ਉੱਤਰ ਕੋਰੀਆ ਨੇ ਫ਼ਰਵਰੀ 2016 'ਚ 'ਕਵਾਂਗਮਿਉਂਗਸੋਂਗ-4' ਸੈਟੇਲਾਈਟ ਦਾ ਪ੍ਰੀਖਣ ਕੀਤਾ, ਜਿਸ ਨੂੰ ਕੌਮਾਂਤਰੀ ਭਾਈਚਾਰੇ ਨੇ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਵਜੋਂ ਵੇਖਿਆ।ਦੱਖਣ ਕੋਰੀਆਈ ਫ਼ੌਜ ਦੇ ਬੁਲਾਰੇ ਨੇ ਕਿਹਾ, ''ਉੱਤਰ ਕੋਰੀਆ ਵਲੋਂ ਇਹ ਕੋਈ ਆਮ ਘਟਨਾ ਨਹੀਂ ਹੈ। ਅਸੀਂ ਇਸੇ ਦੀ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਜਿਹੀ ਭੜਕਾਊ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਾਂ।''ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੂਸ ਨੇ ਕਿਹਾ ਸੀ ਕਿ ਉੱਤਰ ਕੋਰੀਆ ਦੋ ਸੈਟੇਲਾਈਟ ਮਿਜ਼ਾਈਲਾਂ ਦਾ ਪ੍ਰੀਖਣ ਕਰਨ ਵਾਲਾ ਹੈ, ਜਿਸ 'ਚ ਇਕ ਖੋਜ ਅਤੇ ਇਕ ਸੰਚਾਰ ਸੈਟੇਲਾਈਟ ਹੈ।
(ਪੀਟੀਆਈ)