
ਹੁਣ ਹੋਰ ਮਦਦ ਨਹੀਂ, 15 ਸਾਲਾਂ ਤੋਂ ਪਾਕਿਸਤਾਨ ਦੀ ਮਦਦ ਕਰਨਾ ਗ਼ਲਤੀ
ਵਾਸ਼ਿੰਗਟਨ, 1 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਬੇਹੱਦ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਬੀਤੇ 15 ਸਾਲਾਂ ਤੋਂ ਪਾਕਿਸਤਾਨ ਦੀ ਮਦਦ ਕਰਨਾ ਬੇਵਕੂਫ਼ੀ ਭਰਿਆ ਫ਼ੈਸਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਮਰੀਕਾ ਦੇ ਆਗੂਆਂ ਨੂੰ ਮੂਰਖ ਸਮਝਦਾ ਹੈ। ਉਹ ਅਤਿਵਾਦੀਆਂ ਨੂੰ ਪਨਾਹ ਦਿੰਦਾ ਹੈ। ਟਰੰਪ ਨੇ ਟਵਿਟਰ 'ਤੇ ਕਿਹਾ ਕਿ 33 ਅਰਬ ਡਾਲਰ ਦੀ ਮਦਦ ਅਮਰੀਕਾ ਦੀ ਬੇਵਕੂਫ਼ੀ ਹੈ ਕਿਉਂਕਿ ਪਾਕਿਸਤਾਨ ਨੇ ਬਦਲੇ ਵਿਚ ਝੂਠ ਅਤੇ ਧੋਖਾ ਹੀ ਦਿਤਾ। ਹੁਣ ਹੋਰ ਨਹੀਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਝੂਠਾ ਅਤੇ ਕਪਟੀ ਹੈ। ਇਸ ਦੇਸ਼ ਨੂੰ ਹੋਰ ਮਦਦ ਨਹੀਂ ਦਿਤੀ ਜਾਵੇਗੀ। ਪਾਕਿਸਤਾਨ 'ਤੇ ਤਿੱਖਾ ਹਮਲਾ ਕਰਦਿਆਂ ਟਰੰਪ ਨੇ ਦੋਸ਼ ਲਾਇਆ ਕਿ ਪਾਕਿਸਤਾਨ ਨੇ 33 ਅਰਬ ਡਾਲਰ ਦੀ ਸਹਾਇਤਾ ਬਦਲੇ ਅਮਰੀਕਾ ਨੂੰ ਝੂਠ ਅਤੇ ਧੋਖੇ ਤੋਂ ਬਿਨਾਂ ਕੁੱਝ ਵੀ ਨਹੀਂ ਦਿਤਾ। ਉਨ੍ਹਾਂ ਨਾਲ ਹੀ ਕਿਹਾ ਕਿ ਪਾਕਿਸਤਾਨ ਨੇ ਅਤਿਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਦਿਤੀ। ਉਨ੍ਹਾਂ ਸਾਲ ਦੇ ਅਪਣੇ ਪਹਿਲੇ ਟਵੀਟ ਵਿਚ ਕਿਹਾ, 'ਪਾਕਿਸਤਾਨ ਨੇ ਉਨ੍ਹਾਂ ਅਤਿਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਦਿਤੀ ਜਿਨ੍ਹਾਂ ਵਿਰੁਧ ਅਸੀਂ ਬਹੁਤ ਘੱਟ ਮਦਦ ਨਾਲ ਅਫ਼ਗ਼ਾਨਿਸਤਾਨ ਵਿਚ ਕਾਰਵਾਈ ਕਰਦੇ ਹਾਂ।'
ਇਹ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਕੀਤਾ ਗਿਆ ਸੱਭ ਤੋਂ ਵੱਡਾ ਹਮਲਾ ਹੈ। ਟਰੰਪ ਦੀ ਟਿਪਣੀ ਨਿਊਯਾਰਕ ਟਾਈਮਜ਼ ਦੀ ਉਸ ਖ਼ਬਰ ਮਗਰੋਂ ਆਈ ਹੈ ਕਿ ਅਮਰੀਕਾ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਸਹਾਇਤਾ ਰਾਸ਼ੀ ਰੋਕਣ ਬਾਰੇ ਵਿਚਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਅਮਰੀਕਾ ਛੇਤੀ ਹੀ ਪਾਕਿਸਤਾਨ ਨੂੰ ਵੱਡਾ ਝਟਕਾ ਦੇ ਸਕਦਾ ਹੈ। ਦਰਅਸਲ ਅਮਰੀਕੀ ਸਰਕਾਰ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ 25 ਕਰੋੜ 50 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਰੋਕਣ ਬਾਰੇ ਵਿਚਾਰ ਕਰ ਰਹੀ ਹੈ। ਇਸ ਤੋਂ ਸਾਫ਼ ਹੈ ਕਿ ਟਰੰਪ ਪ੍ਰਸ਼ਾਸਨ ਅਤਿਵਾਦੀ ਜਥੇਬੰਦੀਆਂ ਵਿਰੁਧ ਪਾਕਿਸਤਾਨ ਦੁਆਰਾ ਕਾਰਵਾਈ ਨਾ ਕਰਨ ਤੋਂ ਖ਼ਫ਼ਾ ਹੈ। ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧ ਤਦ ਤੋਂ ਤਣਾਅਪੂਰਨ ਬਣੇ ਹੋਏ ਹਨ ਜਦ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ 'ਅਰਾਜਕਤਾ, ਹਿੰਸਾ ਅਤੇ ਅਤਿਵਾਦ' ਫੈਲਾਉਣ ਵਾਲੇ ਲੋਕਾਂ ਨੂੰ ਪਨਾਹ ਦਿੰਦਾ ਹੈ। (ਏਜੰਸੀ)