
ਕਾਕਸ ਬਜ਼ਾਰ,
27 ਸਤੰਬਰ : ਮਿਆਂਮਾਰ ਵਿਚ ਪਿਛਲੇ ਕੁਝ ਮਹੀਨਿਆਂ 'ਚ 4,80,000 ਰੋਹਿੰਗਿਆ ਮੁਸਲਮਾਨ
ਸ਼ਰਨਾਰਥੀ ਬੰਗਲਾਦੇਸ਼ ਪਹੁੰਚੇ ਹਨ। ਇਸ ਵੱਡੇ ਸੰਕਟ ਤੋਂ ਉੱਭਰ ਰਹੇ ਰੋਹਿੰਗਿਆ ਮੁਸਲਮਾਨਾਂ
ਲਈ ਸੰਯੁਕਤ ਰਾਸ਼ਟਰ (ਯੂ.ਐਨ.) ਨੇ 7 ਲੱਖ ਲੋਕਾਂ ਦੇ ਭੋਜਨ ਦੀ ਵਿਵਸਥਾ ਲਈ ਇਕ ਯੋਜਨਾ
ਤਿਆਰ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਿਊ.ਐਫ.ਪੀ.) ਨੇ
ਦਸਿਆ ਕਿ ਅਗਲੇ ਕੁਝ ਹਫ਼ਤੇ ਵਿਚ ਜੇ ਰੋਹਿੰਗਿਆ ਮੁਸਲਮਾਨਾਂ ਦਾ ਪਲਾਇਨ ਇਸ ਤਰ੍ਹਾਂ ਹੀ
ਜਾਰੀ ਰਹਿੰਦਾ ਹੈ ਤਾਂ ਉਹ ਵੱਡੇ ਪੱਧਰ 'ਤੇ ਭੋਜਨ ਅਤੇ ਹੋਰ ਐਮਰਜੈਂਸੀ ਮਦਦ ਉਪਲੱਬਧ
ਕਰਾਉਣ ਲਈ ਤਿਆਰ ਹਨ। ਬੰਗਲਾਦੇਸ਼ ਵਿਚ ਡਬਲਿਉ.ਐਫ.ਪੀ. ਦੇ ਉਪ ਮੁਖੀ ਦੀਪਾਅਨ ਭੱਟਾਚਾਰੀਆ
ਨੇ ਕਿਹਾ, ''ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਏਜੰਸੀਆਂ ਨੇ ਇਕੱਠੇ ਮਿਲ ਕੇ 7 ਲੱਖ ਲੋਕਾਂ
ਲਈ ਨਵੀਂ ਯੋਜਨਾ ਤਿਆਰ ਕੀਤੀ ਹੈ। ਪਲਾਇਨ ਕਰਨ ਵਾਲਿਆਂ ਦੀ ਗਿਣਤੀ ਜੇ 7 ਲੱਖ ਤੱਕ ਵੀ
ਪਹੁੰਚ ਜਾਂਦੀ ਹੈ ਤਾਂ ਅਸੀਂ ਉਨ੍ਹਾਂ ਦੀ ਮਦਦ ਲਈ ਤਿਆਰ ਹਾਂ।''
ਰੋਹਿੰਗਿਆ ਮੁਸਲਮਾਨ
ਦਹਾਕਿਆਂ ਤੋਂ ਪੂਰਬੀ-ਉੱਤਰੀ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਪਲਾਇਨ ਕਰਦੇ ਰਹੇ ਹਨ।
ਭੱਟਾਚਾਰੀਆ ਨੇ ਕਿਹਾ ਕਿ ਕੈਂਪਾਂ ਵਿਚ ਖਾਣੇ ਦੀ ਪ੍ਰੇਸ਼ਾਨੀ ਕੁਝ ਘਟੀ ਹੈ, ਕਿਉਂਕਿ
ਡਬਲਿਊ.ਐਫ.ਪੀ. ਅਤੇ ਹੋਰ ਏਜੰਸੀਆਂ ਹੁਣ ਸ਼ਰਨਾਰਥੀਆਂ ਤਕ ਪਹੁੰਚਣ ਲੱਗੀਆਂ ਹਨ।
ਜ਼ਿਕਰਯੋਗ
ਹੈ ਕਿ ਬੀਤੀ 25 ਅਗੱਸਤ ਤੋਂ ਮਿਆਂਮਾਰ ਵਿਚ ਵੱਡੀ ਗਿਣਤੀ 'ਚ ਰੋਹਿੰਗਿਆ ਮੁਸਲਮਾਨ
ਬੰਗਲਾਦੇਸ਼ ਵਿਚ ਸ਼ਰਨ ਲੈ ਚੁਕੇ ਹਨ। ਰੋਹਿੰਗਿਆ ਮੁਸਲਮਾਨਾਂ 'ਤੇ ਸੁਰੱਖਿਆ ਫੋਰਸ 'ਤੇ
ਹਮਲਾ ਕਰਨ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਫ਼ੌਜ ਨੇ ਹਿੰਸਕ ਕਾਰਵਾਈ ਕੀਤੀ ਅਤੇ
ਪ੍ਰੇਸ਼ਾਨ ਹੋ ਕੇ ਬਹੁਤ ਸਾਰੇ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਚਲੇ ਗਏ। (ਪੀਟੀਆਈ)