
ਬਰਲਿਨ: ਵਿਗਿਆਨੀਆਂ ਨੇ ਸੌਰਮੰਡਲ ਦੇ ਬਾਹਰ ਛੋਟੇ ਤਾਰਿਆਂ ਦਾ ਚੱਕਰ ਲਾਉਂਦੇ ਚਾਰ ਨਵੇਂ 'ਗਰਮ ਬ੍ਰਹਿਸਪਤੀ' ਗ੍ਰਹਾਂ ਦਾ ਪਤਾ ਲਾਇਆ ਹੈ। ਹੰਗਰੀ ਦੇ 'ਆਟੋਮੇਟਿਡ ਟੈਲੀਸਕੋਪ ਨੈਟਵਰਕ ਸਾਊਥ : ਹੈਟਸਾਊਥ : ਐਕਸੋਪਲੇਨੇਟ ਸਰਵੇ' ਦੀਆਂ ਦੂਰਬੀਨਾਂ ਦੀ ਵਰਤੋਂ ਨਾਲ ਟੀਮ ਨੇ ਜੀ ਟਾਈਪ ਦੇ ਚਾਰ ਛੋਟੇ ਤਾਰੇ ਹੈਟਸ 50 ਹੈਟਸ 51, ਹੈਟਸ 52 ਅਤੇ ਹੈਟਸ 53 ਦੀ ਖੋਜ ਕੀਤੀ ਹੈ।
ਜਰਮਨੀ ਦੇ ਮੈਕਸ ਪਲਾਂਕ ਇੰਸਟੀਚਿਊਟ ਫ਼ਾਰ ਐਸਟਰੋਨਾਮੀ ਦੇ ਥਾਮਸ ਹੇਨਿੰਗ ਦੀ ਅਗਵਾਈ ਵਿਚ ਅਧਿਐਨਕਾਰਾਂ ਨੇ ਰਸਾਲੇ ਵਿਚ ਲਿਖਿਆ ਕਿ ਅਤਿ-ਆਧੁਨਿਕ ਦੂਰਬੀਨਾਂ ਦੀ ਮਦਦ ਨਾਲ ਸਾਨੂੰ ਸੌਰਮੰਡਲ ਦੇ ਬਾਹਰ ਦੇ ਚਾਰ ਗ੍ਰਹਾਂ ਦਾ ਪਤਾ ਲੱਗਾ ਹੈ।
ਚਾਰੇ ਗ੍ਰਹਿ ਹਾਟ ਜੂਪੀਟਰਜ਼ ਯਾਨੀ ਗਰਮ ਬ੍ਰਹਿਸਪਤੀ ਨਾਮ ਦੇ ਸੌਰਮੰਡਲ ਦੇ ਬਾਹਰ ਦੇ ਗ੍ਰਹਾਂ ਦੀ ਸ਼੍ਰੇਣੀ ਦੇ ਹਨ। ਇਸ ਤਰ੍ਹਾਂ ਦੇ ਗ੍ਰਹਿ ਦੇ ਗੁਣ ਬ੍ਰਹਿਸਪਤੀ ਗ੍ਰਹਿ ਜਿਹੇ ਹਨ ਅਤੇ ਇਨ੍ਹਾਂ ਦਾ ਇਕ ਚੱਕਰ ਪੂਰਾ ਕਰਨ ਦਾ ਸਮਾਂ ਦਸ ਦਿਨ ਤੋਂ ਘੱਟ ਹੈ। ਇਨ੍ਹਾਂ ਦੀ ਸਤ੍ਹਾ ਦਾ ਤਾਪਮਾਨ ਜ਼ਿਆਦਾ ਹੈ ਕਿਉਂਕਿ ਇਹ ਅਪਣੇ ਤਾਰੇ ਦਾ ਚੱਕਰ ਉਸ ਦੇ ਬਹੁਤ ਨੇਡ਼ੇ ਹੋ ਕੇ ਲਾਉਂਦੇ ਹਨ।