
ਕੈਨੇਡਾ: ਅਲਬਰਟਾ ਦੀ ਮਸ਼ਹੂਰ 'ਬੈਨਫ ਨੈਸ਼ਨਲ ਪਾਰਕ' 'ਚ ਘੁੰਮਣ ਗਏ ਇਕ ਵਿਅਕਤੀ ਨੂੰ ਪਤਾ ਨਹੀਂ ਸੀ ਕਿ ਉਸ ਨੂੰ ਸੋਹਣੀਆਂ ਤਸਵੀਰਾਂ ਖਿੱਚਵਾਉਣੀਆਂ ਮਹਿੰਗੀਆਂ ਪੈਣਗੀਆਂ। ਡੈਨੀ ਮੈਕਅਰਚਨ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਘੁੰਮਣ ਨਿਕਲਿਆ ਸੀ ਅਤੇ ਬਹੁਤ ਮਸਤੀ ਕਰ ਰਿਹਾ ਸੀ। ਇਨ੍ਹਾਂ ਯਾਦਗਾਰ ਪਲਾਂ ਨੂੰ ਹਮੇਸ਼ਾ ਲਈ ਖਾਸ ਅਤੇ ਸੋਹਣੇ ਤਰੀਕੇ ਨਾਲ ਬਣਾਈ ਰੱਖਣ ਲਈ ਉਸ ਨੇ ਡਰੋਨ ਦੀ ਵਰਤੋਂ ਕੀਤੀ, ਜਿਸ ਕਾਰਨ ਉਸ ਨੂੰ 500 ਡਾਲਰਾਂ ਦਾ ਜ਼ੁਰਮਾਨਾ ਲੱਗਾ।
ਉਸ ਨੇ ਕਿਹਾ ਕਿ ਇਹ ਗੱਲ ਉਸ ਦੇ ਧਿਆਨ 'ਚ ਨਹੀਂ ਸੀ ਕਿ ਇੱਥੇ ਡਰੋਨ ਲਿਆਉਣ ਤੋਂ ਪਹਿਲਾਂ ਲਿਖਤੀ ਪੱਤਰ ਲੈਣਾ ਪੈਂਦਾ ਹੈ। ਪਾਰਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਂਝ ਤਾਂ ਇੱਥੇ ਡਰੋਨ ਲੈ ਕੇ ਆਉਣ ਦਾ ਜ਼ੁਰਮਾਨਾ 25,000 ਡਾਲਰ ਤੋਂ ਵੀ ਵਧ ਹੈ ਪਰ ਉਸ ਨੂੰ 500 ਡਾਲਰਾਂ ਦਾ ਜ਼ੁਰਮਾਨਾ ਲੱਗਾ ਹੈ। ਡੈਨੀ ਨੇ ਵਾਰ-ਵਾਰ ਇਸ ਅਣਗਹਿਲੀ ਦੀ ਮੁਆਫੀ ਮੰਗੀ ਅਤੇ ਅੱਗੇ ਤੋਂ ਇਹ ਗੱਲ ਧਿਆਨ 'ਚ ਰੱਖਣ ਦਾ ਵਾਅਦਾ ਕੀਤਾ।
ਡੈਨੀ ਨੇ ਦੱਸਿਆ ਕਿ ਉਹ ਦਸੰਬਰ 'ਚ ਸਕੇਟਿੰਗ ਕਰਨ ਅਤੇ ਘੁੰਮਣ-ਫਿਰਨ ਲਈ ਦੇਸ਼ ਦੀ ਮਸ਼ਹੂਰ ਪਾਰਕ 'ਚ ਗਿਆ ਸੀ। ਇਸ ਖਾਸ ਮੌਕੇ ਦੀਆਂ ਤਸਵੀਰਾਂ ਲੈਣ ਲਈ ਉਸ ਨੇ ਆਪਣੇ ਡਰੋਨ ਦੀ ਵਰਤੋਂ ਕੀਤੀ ਪਰ ਇਸ ਦੌਰਾਨ ਹੀ ਦੋ ਸਕੇਟਰਸ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਡਰੋਨ ਨੈਸ਼ਨਲ ਪਾਰਕ ਦੇ ਖੇਤਰ 'ਚ ਉੱਡ ਰਿਹਾ ਸੀ। ਇਸ ਮਗਰੋਂ ਉਸ ਨੂੰ ਕਾਰਵਾਈ 'ਚੋਂ ਗੁਜ਼ਰਨਾ ਪਿਆ ਅਤੇ ਹੁਣ ਉਸ ਨੂੰ ਜ਼ੁਰਮਾਨਾ ਭੁਗਤਣਾ ਪਿਆ।