
ਯਰੂਸ਼ਲਮ, 7 ਦਸੰਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਲ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇ ਦਿਤੀ ਅਤੇ ਤਲ ਅਵੀਵ ਵਾਲੇ ਅਮਰੀਕੀ ਸਫ਼ਾਰਤਖ਼ਾਨੇ ਨੂੰ ਯਰੂਸ਼ਲਮ ਵਿਚ ਤਬਦੀਲ ਕਰਨ ਦੇ ਵੀ ਹੁਕਮ ਦੇ ਦਿਤੇ। ਅੱਜ ਕੁੱਝ ਅਰਬ ਦੇਸ਼ਾਂ ਨੇ ਚੇਤਾਵਨੀ ਦਿਤੀ ਹੈ ਕਿ ਡੋਨਾਲਡ ਦਾ ਇਹ ਵਿਵਾਦਮਈ ਫ਼ੈਸਲਾ ਪਹਿਲਾਂ ਹੀ ਗੜਬੜ ਵਾਲੇ ਮੱਧ ਪੂਰਬ ਵਿਚ ਹੋਰ ਤਰਥੱਲੀ ਮਚਾ ਸਕਦਾ ਹੈ। ਟਰੰਪ ਨੇ ਦਹਾਕਿਆਂ ਪੁਰਾਣੀ ਅਮਰੀਕੀ ਅਤੇ ਅੰਤਰਾਸ਼ਟਰੀ ਨੀਤੀ ਨੂੰ ਬਦਲਦਿਆਂ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇ ਦਿਤੀ। ਇਸੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਯਰੂਸ਼ਲਮ ਨੂੰ ਉਨ੍ਹਾਂ ਦੇ ਦੇਸ਼ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫ਼ੈਸਲੇ ਦੀ ਅੱਜ ਸ਼ਲਾਘਾ ਕੀਤੀ। ਨੇਤਨਯਾਹੂ ਨੇ ਕਿਹਾ, 'ਟਰੰਪ ਨੇ ਸਾਡੀ ਰਾਜਧਾਨੀ ਦੇ ਇਤਿਹਾਸ ਨਾਲ ਖ਼ੁਦ ਨੂੰ ਹਮੇਸ਼ਾ ਲਈ ਜੋੜ ਲਿਆ ਹੈ।'ਯਰੂਸ਼ਲਮ ਦੀ ਆਬਾਦੀ 8.82 ਲੱਖ ਹੈ। ਸ਼ਹਿਰ ਵਿਚ 64 ਫ਼ੀ ਸਦੀ ਯਹੂਦੀ, 35 ਫ਼ੀ ਸਦੀ ਅਰਬੀ ਅਤੇ ਇਕ ਫ਼ੀ ਸਦੀ ਹੋਰ ਆਬਾਦੀ ਹੈ। ਸ਼ਹਿਰ ਦਾ ਖੇਤਰਫਲ 125.156 ਵਰਗ ਕਿਲੋਮੀਟਰ ਹੈ। ਇਜ਼ਰਾਈਲ ਅਤੇ ਫ਼ਲਸਤੀਨ, ਦੋਵੇਂ ਹੀ ਅਪਣੀ ਰਾਜਧਾਨੀ ਯਰੂਸ਼ਲਮ ਨੂੰ ਬਣਾਉਣਾ ਚਾਹੁੰਦੇ ਸਨ। ਇਸ ਇਤਿਹਾਸਕ ਸ਼ਹਿਰ ਵਿਚ ਮੁਸਲਮਾਨਾਂ, ਯਹੂਦੀਆਂ ਅਤੇ ਈਸਾਈਆਂ ਦੇ ਕਈ ਪੁਰਾਣੇ ਧਾਰਮਕ ਸਥਾਨ ਹਨ। ਉਧਰ, ਟਰੰਪ ਦੇ ਫ਼ੈਸਲੇ ਦੀ ਕਈ ਦੇਸ਼ਾਂ ਨੇ ਨਿਖੇਧੀ ਕੀਤੀ ਹੈ। ਇਸ ਫ਼ੈਸਲੇ ਬਾਬਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਸ਼ੁਕਰਵਾਰ ਨੂੰ ਹੰਗਾਮੀ ਬੈਠਕ ਸੱਦ ਲਈ ਹੈ। ਅਮਰੀਕਾ ਦੇ ਅਖ਼ਬਾਰਾਂ ਨੇ ਅੱਜ ਲਿਖਿਆ ਕਿ ਯਰੂਸ਼ਲਮ ਬਾਰੇ ਟਰੰਪ ਦਾ ਫ਼ੈਸਲਾ ਵੱਡਾ ਜੋਖਮ ਹੈ। ਇਸ ਫ਼ੈਸਲੇ ਨਾਲ ਅਸ਼ਾਂਤ ਮੱਧ ਪੂਰਬ ਵਿਚ ਅਮਨ ਦੀ ਪ੍ਰਕ੍ਰਿਆ ਪਟੜੀ ਤੋਂ ਉਤਰ ਸਕਦੀ ਹੈ। ਦਾ ਵਾਸ਼ਿੰਗਟਨ ਪੋਸਟ' ਨੇ ਸੰਪਾਦਕੀ ਵਿਚ ਲਿਖਿਆ, 'ਇਹ ਰੁਖ਼ ਉਨ੍ਹਾਂ ਦੇ ਘਰੇਲੂ ਰਾਜਨੀਤਕ ਆਧਾਰ ਅਤੇ ਕਈ ਇਜ਼ਰਾਇਲੀਆਂ ਲਈ ਤਾਂ ਠੀਕ ਹੋ ਸਕਦਾ ਹੈ ਪਰ ਇਹ ਸਿਆਸੀ ਲਾਭ ਲਈ ਇਹ ਫ਼ੈਸਲਾ ਕਾਫ਼ੀ ਜੋਖਮ ਭਰਿਆ ਹੈ।' ਅਖ਼ਬਾਰ ਮੁਤਾਬਕ ਹੁਣ ਤਕ ਟਰੰਪ ਦੇ ਫ਼ੈਸਲੇ ਨੂੰ ਯੂਰਪ ਅਤੇ ਮੱਧ ਪੂਰਬ ਵਿਚ ਅਮਰੀਕਾ ਦੇ ਵੱਡੇ ਸਹਿਯੋਗੀ ਮੁਲਕਾਂ ਨੇ ਰੱਦ ਕੀਤਾ ਹੈ ਜਿਨ੍ਹਾਂ ਵਿਚ ਬ੍ਰਿਟੇਨ, ਫ਼ਰਾਂਸ, ਮਿਸਰ ਅਤੇ ਸਾਊਦੀ ਅਰਬ ਹਨ।
'ਦਾ ਨਿਊਯਾਰਕ ਟਾਈਮਜ਼' ਨੇ ਲਿਖਿਆ ਹੈ ਕਿ ਇਸ ਨਾਜ਼ੁਕ ਮਾਮਲੇ ਵਿਚ ਇਜ਼ਰਾਈਲ ਪ੍ਰਤੀ ਟਰੰਪ ਦਾ ਝੁਕਾਅ ਨਿਸ਼ਚਤ ਤੌਰ 'ਤੇ ਸਮਝੌਤੇ ਨੂੰ ਮੁਸ਼ਕਲ ਬਣਾਏਗਾ। ਦੁਵੱਲੀ ਗੱਲਬਾਤ ਵਿਚ ਅਮਰੀਕਾ ਦੀ ਈਮਾਨਦਾਰੀ ਅਤੇ ਨਿਰਪੱਖਤਾ ਬਾਰੇ ਸ਼ੰਕੇ ਪੈਦਾ ਹੋਣਗੇ। ਇਸ ਨਾਲ ਖ਼ਿੱਤੇ ਵਿਚ ਨਵਾਂ ਤਣਾਅ ਪੈਦਾ ਹੋਵੇਗਾ ਅਤੇ ਸ਼ਾਇਦ ਹਿੰਸਾ ਵੀ ਫੈਲ ਜਾਏ।