
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿਟਰ ਅਕਾਊਂਟ ਵੀਰਵਾਰ ਨੂੰ 11 ਮਿੰਟਾਂ ਤੱਕ ਬੰਦ ਹੀ ਰਿਹਾ ਪਰ ਅਜਿਹਾ ਕਿਸੇ ਤਕਨੀਕੀ ਗਲਤੀ ਕਾਰਨ ਨਹੀਂ ਹੋਇਆ। ਸਗੋਂ ਟਵਿਟਰ ਕੰਪਨੀ ਵਿਚ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਕੰਮ 'ਤੇ ਆਪਣਾ ਆਖਰੀ ਦਿਨ ਹੋਣ ਉੱਤੇ ਅਜਿਹਾ ਕੀਤਾ। ਸੋਸ਼ਲ ਮੀਡੀਆ ਉੱਤੇ ਜਿਵੇਂ ਹੀ ਲੋਕਾਂ ਦਾ ਇਸ ਉੱਤੇ ਧਿਆਨ ਗਿਆ, ਉਹ ਅਮਰੀਕੀ ਰਾਸ਼ਟਰਪਤੀ ਦੇ ਅਕਾਊਂਟ ਨੂੰ ਡੀਐਕਟੀਵੇਟ ਕਰਨ ਵਾਲੇ ਨੂੰ 'ਹੀਰੋ' ਦੱਸਣ ਲੱਗੇ।
ਕੰਪਨੀ ਵੱਲੋਂ ਇਸ ਸਬੰਧ ਵਿਚ ਬਾਅਦ ਵਿਚ ਸਫਾਈ ਵੀ ਆਈ। 'ਟਵਿਟਰ ਗਵਰਨਮੈਂਟ' ਵੱਲੋਂ ਕਿਹਾ ਗਿਆ ਕਿ ਡੋਨਾਲਡ ਟਰੰਪ ਦਾ ਅਕਾਊਂਟ ਅਣਜਾਣੇ ਵਿਚ ਇਕ ਟਵਿਟਰ ਕਰਮਚਾਰੀ ਵੱਲੋਂ ਡੀਐਕਟੀਵੇਟ ਹੋ ਗਿਆ ਸੀ, ਜਿਸ ਕਾਰਨ ਅਕਾਊਂਟ 11 ਮਿੰਟਾਂ ਲਈ ਬੰਦ ਰਿਹਾ ਸੀ।
ਹਾਲਾਂਕਿ ਬਾਅਦ ਵਿਚ ਉਸ ਨੂੰ ਚਾਲੂ ਕਰ ਦਿੱਤਾ ਗਿਆ। ਜਾਂਚ ਦੌਰਾਨ ਟਵਿਟਰ ਨੂੰ ਪਤਾ ਲੱਗਾ ਕਿ ਜਿਸ ਕਰਮਚਾਰੀ ਨੇ ਰਾਸ਼ਟਰਪਤੀ ਦਾ ਅਕਾਊਂਟ ਡੀਐਕਟੀਵੇਟ ਕੀਤਾ ਸੀ, ਉਹ ਕਸਟਮਰ ਸਪੋਰਟ ਵਿਭਾਗ ਤੋਂ ਸੀ। ਉਸ ਨੇ ਇਹ ਹਰਕਤ ਕੰਮ 'ਤੇ ਆਪਣਾ ਆਖਰੀ ਦਿਨ ਹੋਣ ਉੱਤੇ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਜਿਵੇਂ ਹੀ ਉਨ੍ਹਾਂ ਦਾ ਅਕਾਊਂਟ ਡੀਐਕਟੀਵੇਟ ਹੋਣ ਦੀ ਖਬਰ ਫੈਲੀ, ਲੋਕ ਤਰ੍ਹਾਂ-ਤਰ੍ਹਾਂ ਦੇ ਮੈਸੇਜ ਕਰਨ ਲੱਗੇ। ਅਮਰੀਕੀ ਵੈਬਸਾਈਟ 'ਮੈਸ਼ੇਬਲ' ਨੇ ਤਾਂ ਉਸ ਟਵਿਟਰ ਕਰਮਚਾਰੀ ਨੂੰ 'ਅਮਰੀਕੀ ਹੀਰੋ' ਕਰਾਰ ਦਿੱਤਾ ।
ਜਦੋਂ ਕਿ ਬਾਕੀ ਲੋਕਾਂ ਵਿਚੋਂ ਕਿਸੇ ਨੇ ਉਸ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਦਾ ਸੁਝਾਅ ਦਿੱਤਾ, ਤਾਂ ਕੋਈ ਟਵਿਟਰ 'ਤੇ ਇਹ ਬੇਨਤੀ ਕਰਦਾ ਦਿਸਿਆ ਕਿ ਟਰੰਪ ਨੂੰ ਬੈਨ ਕਰ ਦਿੱਤਾ ਜਾਵੇ।