
ਵਾਸ਼ਿੰਗਟਨ, 5 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਬਾਰੇ ਵਿਚ ਕਈ ਵਿਸਫ਼ੋਟਕ ਦਾਅਵੇ ਕਰਨ ਵਾਲੀ ਪੁਸਤਕ 'ਫ਼ਾਇਰ ਐਂਡ ਫ਼ਰੀ : ਇਨਸਾਈਡ ਦਿ ਟਰੰਪ ਵ੍ਹਾਈਟ ਹਾਊਸ' ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦੇ ਹੋਏ ਉਸ ਨੂੰ ਰੱਦ ਕਰ ਦਿਤਾ ਹੈ।ਟਰੰਪ ਦੇ ਵਕੀਲ ਇਸ ਪੁਸਤਕ ਨੂੰ ਜਾਰੀ ਹੋਣ ਤੋਂ ਰੋਕਣ ਵਿਚ ਅਸਫ਼ਲ ਰਹੇ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਕਿ, ''ਮੈਂ ਇਸ ਝੂਠੀ ਕਿਤਾਬ ਦੇ ਲੇਖਕ ਮਾਈਕਲ ਵੋਲਫ਼ ਨੂੰ ਵ੍ਹਾਈਟ ਹਾਊਸ ਤਕ ਕੋਈ ਪਹੁੰਚ ਮੁਹਈਆ ਨਹੀਂ ਕਰਵਾਈ (ਸਗੋਂ ਕਈ ਵਾਰ ਉਸ ਦਾ ਪ੍ਰਸਤਾਵ ਠੁਕਰਾ ਦਿਤਾ)। ਮੈਂ ਕਿਤਾਬ ਲਈ ਉਨ੍ਹਾਂ ਨਾਲ ਕਦੇ ਗੱਲ ਨਹੀਂ ਕੀਤੀ। ਇਹ ਕਿਤਾਬ ਝੂਠ ਦਾ ਪੁਲੰਦਾ ਅਤੇ ਅਜਿਹੇ ਸੂਤਰਾਂ ਨਾਲ ਭਰੀ ਹੈ ਜੋ ਹੋਂਦ ਵਿਚ ਹੀ ਨਹੀਂ।''
ਉਨ੍ਹਾਂ ਨੇ ਅਪਣੇ ਸਾਬਕਾ ਮੁੱਖ ਰਣਨੀਤੀਕਾਰ ਸਟੀਵ ਬੈਨਨ ਦਾ ਸਪਸ਼ਟ ਰੂਪ ਤੋਂ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਵਿਅਕਤੀ ਦੇ ਅਤੀਤ ਵਲ ਦੇਖੋ ਅਤੇ ਦੇਖੋ ਕਿ ਉਸ ਦੇ ਅਤੇ ਸਲੋਪੀ ਸਟੀਵ ਨਾਲ ਕੀ ਹੁੰਦਾ ਹੈ। ਕਿਤਾਬ ਵਿਚ ਬੈਨਨ ਦਾ ਵਿਸ਼ੇਸ਼ ਰੂਪ ਤੋਂ ਹਵਾਲਾ ਦਿਤਾ ਗਿਆ ਹੈ। ਟਰੰਪ ਦੇ ਵਕੀਲਾਂ ਨੇ ਇਸ ਪੁਸਤਕ ਨੂੰ ਜਾਰੀ ਹੋਣ ਤੋਂ ਰੋਕਿਆ ਸੀ ਜਿਸ ਤੋਂ ਬਾਅਦ ਇਹ ਪੁਸਤਕ ਮਿੱਥੇ ਗਏ ਸਮੇਂ ਤੋਂ 2 ਦਿਨ ਪਹਿਲਾਂ ਭਾਵ ਅੱਜ ਹੀ ਜਾਰੀ ਹੋ ਰਹੀ ਹੈ। ਪੁਸਤਕ ਵਿਚ ਦਾਅਵਾ ਕੀਤਾ ਗਿਆ ਹੈ ਕਿ ਡੋਨਾਲਡ ਟਰੰਪ ਅਪਣੀ ਚੁਣਾਵੀ ਜਿੱਤ ਤੋਂ ਹੈਰਾਨ ਸਨ। ਉਨ੍ਹਾਂ ਨੇ ਅਪਣੇ ਉਦਘਾਟਨ ਸਮਾਰੋਹ ਦਾ ਮਜ਼ਾ ਨਹੀਂ ਲਿਆ ਅਤੇ ਉਹ ਵ੍ਹਾਈਟ ਹਾਊਸ ਨੂੰ ਲੈ ਕੇ ਡਰੇ ਹੋਏ ਸਨ। ਵ੍ਹਾਈਟ ਹਾਊਸ ਨੇ ਵੀ ਇਸ ਪੁਸਤਕ ਦੀ ਆਲੋਚਨਾ ਕੀਤੀ ਹੈ। (ਪੀ.ਟੀ.ਆਈ)