
ਵਾਸ਼ਿੰਗਟਨ,
6 ਸਤੰਬਰ: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਫ਼ੈਸਲੇ ਵਿਰੁਧ ਅਮਰੀਕਾ ਦੀ ਉਦਯੋਗਿਕ ਖੇਤਰ
ਦੀਆਂ ਦਿੱਗਜ ਕੰਪਨੀਆਂ ਮਾਈਕ੍ਰੋਸਾਫ਼ਟ, ਗੂਗਲ ਅਤੇ ਐਪਲ ਅਪਣੇ ਕਰਮੀਆਂ ਦੇ ਹੱਕ 'ਚ
ਖੜ੍ਹੀਆਂ ਹੋ ਗਈਆਂ ਹਨ। ਦਰਅਸਲ, ਟਰੰਪ ਪ੍ਰਸ਼ਾਸਨ ਨੇ ਇਕ 'ਮਾਫ਼ੀ' ਪ੍ਰੋਗਰਾਮ ਨੂੰ ਰੱਦ ਕਰ
ਦਿਤਾ ਹੈ। ਇਹ ਪ੍ਰੋਗਰਾਮ ਉਨ੍ਹਾਂ ਪ੍ਰਵਾਸੀ ਲੋਕਾਂ ਨੂੰ ਵਰਕ ਪਰਮਿਟ ਦਿੰਦਾ ਹੈ ਜੋ ਦੇਸ਼
'ਚ ਉਸ ਸਮੇਂ ਗ਼ੈਰ-ਕਾਨੂੰਨੀ ਤਰੀਕੇ ਨਾਲ ਆਏ ਸਨ, ਜਦੋਂ ਉਹ ਬੱਚੇ ਸਨ।
ਅਮਰੀਕਾ ਦੇ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮੰਗਲਵਾਰ ਨੂੰ ਬਰਾਕ ਓਬਾਮਾ ਦੇ ਪ੍ਰੋਗਰਾਮ 'ਡੈਫ਼ਰਡ
ਐਕਸ਼ਨ ਫ਼ਾਰ ਚਿਲਡਰਨ ਅਰਾਈਵਲ (ਡੀ.ਏ.ਸੀ.ਏ)' ਨੂੰ ਰੱਦ ਕਰ ਦਿਤਾ। ਇਸ ਫ਼ੈਸਲੇ ਨਾਲ 8 ਲੱਖ
ਗ਼ੈਰ-ਦਸਤਾਵੇਜ਼ੀ ਕਰਮੀਆਂ ਸਮੇਤ 7 ਹਜ਼ਾਰ ਤੋਂ ਜ਼ਿਆਦਾ ਭਾਰਤੀ-ਅਮਰੀਕੀਆਂ 'ਤੇ ਪ੍ਰਭਾਵ
ਪਵੇਗਾ। ਮਾਈਕ੍ਰੋਸਾਫ਼ਟ ਅਤੇ ਐਪਲ ਨੇ ਉਨ੍ਹਾਂ ਗ਼ੈਰ-ਦਸਤਾਵੇਜ਼ੀ ਕਰਮੀਆਂ (ਡ੍ਰੀਮਰਜ਼) ਦੀ
ਮਦਦ ਦੀ ਪੇਸ਼ਕਸ਼ ਕੀਤੀ ਹੈ, ਜੋ ਅਮਰੀਕਾ 'ਚ ਹਨ ਅਤੇ ਨੌਜਵਾਨ ਹਨ ਤੇ ਸੰਘੀ ਸਰਕਾਰ ਵਲੋਂ
ਵਰਕ ਪਰਮਿਟ ਲਈ ਪੰਜੀਕ੍ਰਿਤ ਹਨ।
ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.)
ਟਿਮ ਕੁਕ ਨੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦੀ ਨਿੰਦਾ ਕੀਤੀ। ਉਨ੍ਹਾਂ ਕਰਮੀਆਂ ਲਈ ਜਾਰੀ
ਨੋਟ 'ਚ ਕਿਹਾ ਕਿ ਫ਼ੈਸਲੇ ਤੋਂ ਪ੍ਰਭਾਵਤ ਹੋਣ ਵਾਲੇ ਕਰਮੀਆਂ ਨੂੰ ਮਾਹਰਾਂ ਦੀ ਸਲਾਹ ਸਮੇਤ
ਹੋਰ ਜ਼ਰੂਰੀ ਮਦਦ ਦਿਤੀ ਜਾਵੇਗੀ। ਕੁਕ ਨੇ ਅਪਣੇ ਟਵੀਟ 'ਚ ਲਿਖਿਆ ਕਿ ਐਪਲ ਅਪਣੇ
ਡ੍ਰੀਮਰਜ਼ ਲਈ ਸੰਘਰਸ਼ ਕਰੇਗੀ।