
ਵੈਨਕੂਵਰ : ਵੈਨਕੂਵਰ ਦੇ ਨਾਈਟ ਕਲੱਬ ਦੇ ਬਾਹਰ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੀ ਵੈਨਕੂਵਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸ਼ਨੀਵਾਰ ਦੇਰ ਰਾਤ ਵਾਪਰੀ ਇਸ ਘਟਨਾ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ 20 ਸਾਲਾ ਨੌਜਵਾਨ ਕੁਲਵਿੰਦਰ ਥਿੰਦ ਜੋ ਉਸ ਸਮੇਂ ਕਲੱਬ ਵਿਚ ਕੰਮ ਕਰ ਰਿਹਾ ਸੀ, ਵੀ ਜ਼ਖਮੀ ਹੋ ਗਿਆ ਸੀ, ਜਿਸ ਦੀ ਅੱਜ ਸਵੇਰੇ ਮੌਤ ਹੋ ਗਈ।
ਪੁਲਿਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇਹ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ। ਵੈਨਕੂਵਰ ਪੁਲਿਸ ਦੇ ਸਾਰਜੈਂਟ ਰੈਂਡੀ ਫਿੰਚਮੈਨ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਸਵੇਰੇ ਕਰੀਬ 3 ਵਜੇ ਕਲੱਬ ਦੇ ਅੰਦਰ ਦੋ ਧੜਿਆਂ ਵਿੱਚ ਤੂੰ-ਤੂੰ, ਮੈਂ-ਮੈਂ ਹੋ ਗਈ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਧੜਿਆਂ ਨੂੰ ਕਲੱਬ ਤੋਂ ਬਾਹਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਵਿਚਾਲੇ ਹੱਥੋਪਾਈ ਹੋ ਗਈ ਤੇ ਤਿੰਨ ਵਿਅਕਤੀ ਛੁਰੇਬਾਜ਼ੀ ਕਾਰਨ ਜ਼ਖ਼ਮੀ ਹੋ ਗਏ ਸਨ। ਤਿੰਨ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਫਿੰਚਮੈਨ ਨੇ ਦੱਸਿਆ ਕਿ ਝਗੜੇ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਹੀ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਜੇ ਤੱਕ ਇਸ ਸਬੰਧ ਵਿੱਚ ਕਿਸੇ ਖਿਲਾਫ਼ ਚਾਰਜਿਸ ਦਰਜ ਨਹੀਂ ਕੀਤੇ ਗਏ ਹਨ।
ਪੁਲਿਸ ਇਸ ਮਾਮਲੇ ਵਿਚ ਚਸ਼ਮਦੀਦਾਂ ਅਤੇ ਹੋਰ ਗਵਾਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 604-717-2500 ਅਤੇ 1800-222-8478 ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਨੰਬਰਾਂ 'ਤੇ ਪੁਲਿਸ ਨੂੰ ਕਾਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ।