
ਕਰਾਕਸ, 17 ਫ਼ਰਵਰੀ : ਦੱਖਣ ਅਮਰੀਕੀ ਦੇਸ਼ ਵੈਨਜ਼ੁਏਲਾ ਦੇ ਆਰਥਕ ਹਾਲਾਤ ਬੇਹੱਦ ਖ਼ਰਾਬ ਹੋ ਗਏ ਹਨ। ਇਥੇ ਮਹਿੰਗਾਈ ਆਸਮਾਨ ਛੋਹ ਰਹੀ ਹੈ। ਦੁਨੀਆਂ ਦਾ ਵੱਡਾ ਤੇਲ ਭੰਡਾਰ ਹੋਣ ਦੇ ਬਾਵਜੂਦ ਪੂਰਾ ਦੇਸ਼ ਆਰਥਕ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਦੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਲੋਕ ਵੈਨਜ਼ੁਏਲਾ ਨੂੰ ਛੱਡ ਕੇ ਗੁਆਂਢੀ ਦੇਸ਼ ਕੋਲੰਬੀਆ ਜਾਣ ਲਈ ਮਜਬੂਰ ਹਨ।ਵੈਨਜ਼ੁਏਲਾ 'ਚ ਮਹਿੰਗਾਈ ਕਾਰਨ ਹਾਲਾਤ ਇਹ ਹਨ ਕਿ ਇਥੇ ਇਕ ਬ੍ਰੈਡ ਦੀ ਕੀਮਤ ਹਜ਼ਾਰਾਂ ਰੁਪਏ ਹੋ ਗਏ ਹਨ। ਇਕ ਕਿਲੋ ਮੀਟ ਲਈ 3 ਲੱਖ ਰੁਪਏ ਅਤੇ ਇਕ ਲਿਟਰ ਦੁੱਧ ਲਈ 80 ਹਜ਼ਾਰ ਰੁਪਏ ਤਕ ਖ਼ਰਚ ਕਰਨੇ ਪੈ ਰਹੇ ਹਨ। ਇਥੇ ਦੀ ਸਰਕਾਰ ਨੇ ਦੁਨੀਆਂ ਭਰ ਦੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਥੇ ਦੇ ਹਾਲਾਤ ਸੁਧਾਰਨ 'ਚ ਉਨ੍ਹਾਂ ਦੀ ਮਦਦ ਕਰਨ।
ਉਥੇ ਹੀ ਕੋਲੰਬੀਆਈ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਦਿਨਾਂ 'ਚ ਲਗਭਗ 10 ਲੱਖ ਲੋਕ ਇਕੇ ਪਨਾਹ ਲੈ ਚੁਕੇ ਹਨ, ਜਿਸ ਕਾਰਨ ਕੋਲੰਬੀਆ 'ਚ ਵੀ ਖਾਣ-ਪੀਣ ਵਾਲੀਆਂ ਚੀਜ਼ਾਂ ਤੇ ਹੋਰ ਲੋੜੀਂਦੀ ਵਸਤਾਂ ਦੀ ਕਮੀ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਜਿਸ ਦਾ ਨਤੀਜਾ ਇਹ ਹੈ ਕਿ ਦਵਾਈਆਂ ਦੀ ਕਮੀ ਕਾਰਨ ਡਾਕਟਰ ਅਪਣੇ ਮਰੀਜ਼ਾਂ ਨੂੰ ਦੂਜੇ ਦੇਸ਼ਾਂ 'ਚ ਇਲਾਜ ਕਰਵਾਉਣ ਦੀ ਸਲਾਹ ਦੇ ਰਹੇ ਹਨ।ਜਾਣਕਾਰਾਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਕਮੀ ਆਉਣ ਕਾਰਨ ਵੈਨਜ਼ੁਏਲਾ 'ਚ ਆਰਥਕ ਸੰਕਟ ਆਇਆ ਹੈ। ਇਸ ਤੋਂ ਇਲਾਵਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਵੀ ਭੁੱਖਮਰੀ ਦੇ ਹਾਲਾਤ ਬਣੇ ਹਨ। ਇਸ ਮੁਸ਼ਕਲ ਹਾਲਾਤ 'ਚੋਂ ਦੇਸ਼ ਨੂੰ ਕੱਢਣ ਲਈ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਰਾਜਧਾਨੀ ਕਰਾਕਸ 'ਚ ਲਗਾਤਾਰ ਬੈਠਕਾਂ ਕਰ ਰਹੇ ਹਨ। (ਏਜੰਸੀ)