
ਇਸਲਾਮਾਬਾਦ- ਪਾਕਿਸਤਾਨ ਦੇ ਇਕ ਲਾੜੇ ਨੇ ਆਪਣੇ ਨਿਕਾਹ ਨੂੰ ਯਾਦਗਾਰੀ ਬਣਾਉਣ ਲਈ ਮਹਿਮਾਨਾਂ ਉੱਤੇ ਡਾਲਰਾਂ, ਰਿਆਲ ਤੇ ਨਵੇਂ ਸੈੱਲ ਫੋਨਾਂ ਦੀ ਵਾਛੜ ਕਰ ਦਿੱਤੀ।ਮੁਲਤਾਨ ਦੇ ਸ਼ੁਜਾਬਾਦ ਦੇ ਮੁਹੰਮਦ ਅਰਸ਼ਦ ਦਾ ਨਿਕਾਹ ਪੰਜਾਬ ਸੂਬੇ ਦੇ ਖਾਨਪੁਰ ਇਲਾਕੇ ਦੀ ਲੜਕੀ ਨਾਲ ਤੈਅ ਹੋਇਆ ਸੀ।
ਜਦੋਂ ਉਨ੍ਹਾਂ ਦੀ ਬਰਾਤ ਲੜਕੀ ਵਾਲਿਆਂ ਦੇ ਘਰ ਪਹੁੰਚੀ ਤਾਂ ਲੜਕੇ ਵਾਲਿਆਂ ਨੇ ਉਡੀਕ ਕਰਦੇ ਮਹਿਮਾਨਾਂ ਉੱਤੇ ਡਾਲਰਾਂ, ਰਿਆਲ ਅਤੇ ਸੈੱਲ ਫੋਨਾਂ ਦਾ ਛੱਟਾ ਦੇ ਦਿੱਤਾ।ਇਸ ਸਬੰਧ ਵਿੱਚ ਜਾਰੀ ਹੋਈ ਵੀਡੀਓ ਕਲਿਪ ਦਿਖਾਉਂਦੀ ਹੈ ਕਿ ਲੜਕੇ ਦਾ ਪਰਿਵਾਰ ਸਟੇਜ ਉੱਤੇ ਖੜ੍ਹਾ ਹੈ ਤੇ ਮਹਿਮਾਨਾਂ ਉੱਤੇ ਡਾਲਰਾਂ, ਰਿਆਲ ਅਤੇ ਸੈੱਲ ਫੋਨਾਂ ਦੀ ਵਰਖਾ ਕਰ ਰਿਹਾ ਹੈ ਅਤੇ ਮਹਿਮਾਨਾਂ ਵਿਚ ਇਨ੍ਹਾਂ ਨੂੰ ਫੜਨ ਲਈ ਧੱਕਾਮੁੱਕੀ ਹੋ ਰਹੀ ਹੈ।
ਇਸ ਕਲਿਪ ਵਿਚ ਦੱਸਿਆ ਗਿਆ ਹੈ ਕਿ ਬੱਸ ਦੇ ਉੱਪਰ ਖੜੇ ਹੋ ਕੇ ਵੀ ਲੜਕੇ ਵਾਲਿਆਂ ਦਾ ਪਰਿਵਾਰ ਮਹਿਮਾਨਾਂ ਉੱਤੇ ਤੋਹਿਫ਼ਆਂ ਦੀ ਵਰਖਾ ਕਰ ਰਿਹਾ ਹੈ।ਜਾਣਕਾਰੀ ਅਨੁਸਾਰ ਜਦੋਂ ਇਹ ਖ਼ਬਰ ਖਾਨਪੁਰ ਇਲਾਕੇ ਵਿਚ ਫੈਲੀ ਤਾਂ ਸਥਾਨਕ ਲੋਕ ਵੀ ਤੋਹਫ਼ੇ ਹਾਸਿਲ ਕਰਨ ਲਈ ਉਸ ਨਿਕਾਹ ਸਮਾਗਮ ਵੱਲ ਦੌੜੇ, ਪ੍ਰੰਤੂ ਉਦੋਂ ਤਕ ਤੋਹਿਫ਼ਆਂ ਦੀ ਵਾਛੜ ਰੁਕ ਚੁੱਕੀ ਸੀ ਤੇ ਨਿਕਾਹ ਵਿੱਚ ਮੌਜੂਦ ਸਾਰੇ ਮਹਿਮਾਨਾਂ ਨੇ ਕੋਈ ਨਾ ਕੋਈ ਤੋਹਫ਼ਾ ਫੜਿਆ ਹੋਇਆ ਸੀ।
ਜਿਕਰਯੋਗ ਹੈ ਕਿ ਲੜਕੇ ਦੇ ਅੱਠ ਭਰਾ ਹਨ, ਜਿਨ੍ਹਾਂ ਵਿਚੋਂ ਚਾਰ ਅਮਰੀਕਾ ਵਿਚ ਰਹਿੰਦੇ ਹਨ ਤੇ ਬਾਕੀ ਸਾਊਦੀ ਅਰਬ ਵਿਚ ਹਨ। ਵੀਡੀਓ ਕਲਿਪ ਜਾਰੀ ਹੋਣ ਪਿੱਛੋਂ ਪੂਰੇ ਪਾਕਿਸਤਾਨ ਵਿੱਚ ਇਹ ਨਿਕਾਹ ਚਰਚਾ ਵਿੱਚ ਆ ਗਿਆ ਹੈ।