
ਖਾਲੜਾ ਮਿਸ਼ਨ ਹਮਾਇਤੀ ਜਦਕਿ ਦੂਜੇ ਸਿੱਖ ਵਖਰੀ ਸੋਚ ਵਾਲੇ
ਅੰਮ੍ਰਿਤਸਰ/ਤਰਨਤਾਰਨ, 10 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ/ਚਰਨਜੀਤ ਸਿੰਘ) : ਸਿੱਖਾਂ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਵਾਲੇ ਜਾਣ ਬੁੱਝ ਕੇ ਕੁਲ ਨਾਸ਼ ਦਾ ਹਿਸਾਬ ਦੇਣ ਦੀ ਬਜਾਏ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਭੰਡ ਰਹੇ ਹਨ। ਅੱਜ ਇਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਪ੍ਰਸਤ ਰਿਟਾ. ਜਸਟਿਸ ਅਜੀਤ ਸਿੰਘ ਬੈਂਸ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਕੁਲਨਾਸ਼ ਦੀ ਯੋਜਨਾਬੰਦੀ ਕਰਨ ਵਾਲਿਆਂ ਵਿਰੁਧ ਕਾਰਵਾਈ ਕਰ ਕੇ ਦਿੱਲੀ, ਨਾਗਪੁਰ ਅਤੇ ਉਸ ਦੇ ਦਲਾਲਾਂ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ ਹੈ। ਉਨ੍ਹਾਂ ਕਿਹਾ ਕਿ ਹੰਕਾਰ ਅਤੇ ਮਕਾਰੀ ਦੀ ਘੋੜੇ 'ਤੇ ਸਵਾਰ ਜੰਗਲ ਰਾਜ ਦੇ ਹਾਮੀ ਹਿੰਦੁਸਤਾਨੀ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਭੰਡਣ ਦੀ ਬਜਾਏ ਉਹ ਦੱਸਣ ਕਿ ਗ਼ੈਰ ਕਾਨੂੰਨੀ ਅਤੇ ਗ਼ੈਰ ਵਿਧਾਨਿਕ ਤੌਰ 'ਤੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਿਉਂ ਕੀਤਾ ਗਿਆ? ਕਿਉਂ ਫ਼ੌਜੀ ਹਮਲੇ ਦੇ ਸਾਰੇ ਯੋਜਨਾਕਾਰ ਬੱਚ ਨਿਕਲੇ ਜਦਕਿ ਨੇੜੇ ਹੀ ਜਲਿਆਂਵਾਲਾ ਬਾਗ ਅੰਦਰ ਚੱਲੀ 10 ਮਿੰਟ ਗੋਲੀ ਦੀ ਅੰਗਰੇਜ਼ ਸਰਕਾਰ ਨੇ ਹੰਟਰ ਕਮਿਸ਼ਨ ਬਣਾ ਕੇ ਪੜਤਾਲ ਕਰਾਈ?
ਝੂਠੇ ਮੁਕਾਬਲਿਆਂ ਵਿਚ ਖ਼ਤਮ ਕਰ ਕੇ ਪੰਜਾਬ ਅੰਦਰ 25 ਹਜ਼ਾਰ ਸਿੱਖਾਂ ਦੀਆਂ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ ਵਿਚ ਕਿਉਂ ਸਾੜੀਆਂ ਗਈਆਂ ਅਤੇ ਹਜ਼ਾਰਾਂ ਲਾਸ਼ਾਂ ਦਰਿਆਵਾ, ਨਹਿਰਾਂ ਵਿਚ ਕਿਉਂ ਰੋੜੀਆਂ ਗਈਆਂ? ਦੁਸਟ ਕੇ.ਪੀ.ਐਸ. ਗਿੱਲ ਅਤੇ ਉਸ ਦੀ ਟੀਮ ਵਿਰੁਧ ਝੂਠੇ ਮੁਕਾਬਲਿਆਂ ਵਿਚ ਗੁਨਾਹਗਾਰ ਹੋਣ ਦੇ ਬਾਵਜੂਦ ਕਾਰਵਾਈ ਕਿਉਂ ਨਾ ਹੋਈ? ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਵਿਰੁਧ ਕਾਨੂੰਨ ਹਰਕਤ ਵਿਚ ਨਾ ਆਇਆ? ਬੰਦੀ ਸਿੰਘਾਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਜੇਲਾਂ ਵਿਚ ਕਿਉਂ ਰੋਲਿਆ ਜਾ ਰਿਹਾ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਅਤੇ ਸਿੱਖਾਂ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਅਤਿਵਾਦੀ ਆਖ ਕੇ ਕਿਉਂ ਭੰਡਿਆ ਗਿਆ?
ਦੂਜੇ ਪਾਸੇ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕੈਨਡਾ ਅਤੇ ਅਮਰੀਕਾ ਵਿਚ ਕੁੱਝ ਗੁਰਦੁਆਰਿਆਂ ਵਲੋਂ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਦੇ ਸਟਾਫ਼ 'ਤੇ ਗੁਰਦੁਆਰਿਆਂ ਵਿਚ ਪਾਬੰਦੀ ਦੇ ਐਲਾਨ ਨੂੰ ਗ਼ਲਤ ਕਾਰਵਾਈ ਦਸਿਆ ਹੈ ਅਤੇ ਕਿਹਾ ਹੈ ਕਿ ਇਹ ਹਰਕਤ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
ਪੱਤਰਕਾਰ ਨਾਲ ਫ਼ੋਨ 'ਤੇ ਗੱਲ ਕਰਦਿਆਂ ਦਿਲਗੀਰ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਦੇ ਸੀਨੀਅਰ ਅਫ਼ਸਰ ਤਾਂ ਪਹਿਲਾਂ ਹੀ ਗੁਰਦੁਆਰਿਆਂ ਵਿਚ ਨਹੀਂ ਜਾਂਦੇ ਕਿਉਂਕਿ ਉਨ੍ਹਾਂ ਨੂੰ ਉਥੇ ਜਾ ਕੇ ਅਸੁਰੱਖਿਆ ਦੀ ਭਾਵਨਾ ਮਹਿਸੂਸ ਹੁੰਦੀ ਹੈ। ਕੁੱਝ ਗੁਰਦੁਆਰਿਆਂ ਵਿਚ ਉਨ੍ਹਾਂ 'ਤੇ ਹਮਲੇ ਹੋਏ ਵੀ ਹਨ। ਇਸ ਕਰ ਕੇ ਜੇ ਉਹ ਜਾਂਦੇ ਹੀ ਨਹੀਂ ਤਾਂ ਪਾਬੰਦੀ ਦਾ ਕੀ ਅਰਥ? ਬਹੁਤ ਗੁਰਦੁਆਰਿਆਂ ਜਿਨ੍ਹਾਂ ਉਤੇ ਕਿਸੇ ਖਾੜਕੂ ਹਿਮਾਇਤੀ ਟੋਲੇ ਦਾ ਕਬਜ਼ਾ ਹੈ, ਉਥੇ ਤਾਂ ਉਨ੍ਹਾਂ ਨਾਲ ਫ਼ਰਕ ਰੱਖਣ ਵਾਲੇ ਬੰਦੇ ਵੀ ਨਹੀਂ ਵੜਦੇ ਕਿਉਂਕਿ ਉਹ ਉਥੇ ਹਮਲਿਆਂ ਦਾ ਸ਼ਿਕਾਰ ਹੋ ਚੁਕੇ ਹਨ। ਗੁਰਦੁਆਰਿਆਂ 'ਤੇ ਕਾਬਜ਼ ਹਾਕਮਾਂ ਵਿਚੋਂ ਬਹੁਤਿਆਂ ਨੇ ਇਨ੍ਹਾਂ ਨੂੰ ਨਿਜੀ ਜਾਇਦਾਦ ਬਣਾਇਆ ਹੋਇਆ ਹੈ।ਉਨ੍ਹਾਂ ਕਿਹਾ ਕਿ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਦੇ ਸਟਾਫ਼ 'ਤੇ ਗੁਰਦੁਆਰਿਆਂ ਵਿਚ ਪਾਬੰਦੀ ਲਾਉਣ ਪਿੱਛੇ ਵਧੇਰੇ ਕਰ ਕੇ ਉਹ ਲੋਕ ਹਨ ਜਿਨ੍ਹਾਂ ਦੇ ਟੱਬਰ ਵਿਦੇਸ਼ਾਂ ਵਿਚ ਹੀ ਹਨ ਤੇ ਉਨ੍ਹਾਂ ਦੀ ਪਿੱਛੇ ਜ਼ਮੀਨ ਜਾਇਦਾਦ ਵੀ ਨਹੀਂ ਹੈ ਤੇ ਇਸ ਕਰ ਕੇ ਉਨ੍ਹਾਂ ਨੂੰ ਭਾਰਤੀ ਅੰਬੈਸੀਆਂ ਆਦਿ ਨਾਲ ਕੋਈ ਵਾਸਤਾ ਨਹੀਂ ਹੁੰਦਾ। ਇਨ੍ਹਾਂ ਵਿਚ ਕੁੱਝ ਉਹ ਵੀ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਵੀਜ਼ੇ ਤੋਂ ਇਨਕਾ ਕਰ ਚੁੱਕੀ ਹੈ। ਕੈਨੇਡਾ ਵਿਚ ਸੁਖਮੰਦਰ ਸਿੰਘ ਹੰਸਰਾ ਤੇ ਬਲਕਰਨ ਸਿੰਘ ਗਿੱਲ ਵਰਗੇ ਵਧੀਆ ਲੋਕਾਂ ਨੂੰ ਵੀ ਇਸ ਜ਼ਿਆਦਤੀ ਦਾ ਸ਼ਿਕਾਰ ਹੋਣਾ ਪਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਜ਼ਿਆਦਤੀ ਹੈ ਤੇ ਇਸ ਨਾਲ ਸਿੱਖਾਂ ਨੂੰ ਗੁੱਸੇ ਤੇ ਰੋਹ ਵਿਚ ਆਉਣਾ ਗ਼ਲਤ ਨਹੀਂ। ਮੈਂ ਸਮਝਦਾ ਹਾਂ ਕਿ ਕੈਨੇਡਾ ਦੇ ਸਿੱਖਾਂ ਨੂੰ ਕੈਨੇਡਾ ਦੇ ਪ੍ਰਾਈਮ ਮਨਿਸਟਰ ਜਸਟਿਨ ਟਰੂਡੋ ਰਾਹੀਂ ਭਾਰਤ ਸਰਕਾਰ 'ਤੇ ਜ਼ੋਰ ਪੁਆ ਕੇ ਇਹ ਜ਼ਿਆਦਤੀ ਦੂਰ ਕਰਵਾਉਣੀ ਚਾਹੀਦੀ ਸੀ। ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਦੇ ਸਟਾਫ਼ 'ਤੇ ਗੁਰਦੁਆਰਿਆਂ ਵਿਚ ਪਾਬੰਦੀ ਦੇ ਐਲਾਨ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਣਾ। ਹਾਂ ਇਸ ਨਾਲ ਸਗੋਂ ਹੋਰ ਨੁਕਸਾਨ ਹੋਣ ਦਾ ਡਰ ਹੈ। ਇਸ ਨਾਲ ਸਿੱਖਾਂ ਦੀ ਬਲੈਕ ਲਿਸਟ ਵਿਚ ਨਵੇਂ ਨਾਂਅ ਸ਼ਾਮਲ ਹੋਣ ਦਾ ਖ਼ਤਰਾ ਹੋ ਸਕਦਾ ਹੈ। ਇਨ੍ਹਾਂ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਉਹ ਮੈਂਬਰ, ਜਿਨ੍ਹਾਂ ਦਾ ਇਹੋ ਜਿਹੇ ਫ਼ੈਸਲਿਆਂ ਵਿਚ ਕੋਈ ਹੱਥ ਨਹੀਂ, ਭਲਕੇ ਉਨ੍ਹਾਂ ਨੂੰ ਵੀ ਬਲੈਕ ਲਿਸਟ ਕੀਤਾ ਜਾ ਸਕਦਾ ਹੈ। ਉਸ ਦਾ ਜ਼ਿੰਮੇਦਾਰ ਉਹ ਲੋਕ ਹੀ ਹੋਣਗੇ ਜਿਹੜੇ ਇਹੋ ਜਿਹਾ ਮਤਾ ਪਾਸ ਕਰਵਾ ਰਹੇ ਹਨ।