
ਬਰਲਿਨ, 19 ਜਨਵਰੀ : ਉਤਰੀ ਯੂਰਪ ਵਿਚ ਆਏ ਭਿਆਨਕ ਤੂਫ਼ਾਨ ਕਾਰਨ ਦੋ ਫ਼ਾਇਰ ਬ੍ਰਿਗੇਡ ਕਰਮਚਾਰੀਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਇਸ ਤੂਫ਼ਾਨ ਕਾਰਨ ਟਰੇਨ ਅਤੇ ਹਵਾਈ ਸੰਪਰਕ ਠੱਪ ਹੋ ਗਿਆ ਹੈ। ਜਰਮਨੀ ਨੇ ਲੰਬੀ ਦੂਰੀ ਦੀਆਂ ਰੇਲ ਸੇਵਾਵਾਂ ਨੂੰ ਘੱਟ ਤੋਂ ਘੱਟ ਇਕ ਦਿਨ ਲਈ ਰੋਕ ਦਿਤਾ ਹੈ। ਦੇਸ਼ ਵਿਚ ਆਏ ਇਸ ਤੂਫ਼ਾਨ ਕਰਾਨ ਕਈ ਘਰੇਲੂ ਉਡਾਣਾਂ ਨੂੰ ਵੀ ਰੱਦ ਕਰ ਦਿਤਾ ਗਿਆ ਹੈ। ਮਰਨ ਵਾਲਿਆਂ ਵਿਚ ਦੋ ਟਰੱਕ ਡਰਾਈਵਰ ਵੀ ਸ਼ਾਮਲ ਹਨ ਜਿਨ੍ਹਾਂ ਦੇ ਟਰੱਕ ਇਸ ਤੂਫ਼ਾਨ ਵਿਚ ਉਡ ਗਏ ਸਨ।
ਫ਼੍ਰੈਡਰਿਕ ਨਾਂਅ ਦੇ ਇਸ ਤੂਫ਼ਾਨ ਨੇ ਇਕ ਸਕੂਲ ਨੂੰ ਵੀ ਅਪਣੀ ਚਪੇਟ ਵਿਚ ਲੈ ਲਿਆ ਸੀ। ਇਸ ਦੌਰਾਨ ਉਥੇ ਬੱਚੇ ਮੌਜੂਦ ਸਨ ਪਰ ਅਧਿਕਾਰੀਆਂ ਮੁਤਾਬਕ ਕੋਈ ਵੀ ਬੱਚਾ ਜ਼ਖ਼ਮੀ ਨਹੀਂ ਹੋਇਆ। ਜਰਮਨੀ ਪੁਲਿਸ ਨੇ ਦਸਿਆ ਕਿ ਦੇਸ਼ ਦੇ ਉਤਰੀ ਸ਼ਹਿਰ ਬ੍ਰੋਕੇਨ ਵਿਚ ਤੂਫ਼ਾਨ ਕਾਰਨ ਹਵਾਵਾਂ 203 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚਲ ਰਹੀਆਂ ਹਨ। ਜਰਮਨੀ ਦੇ ਮੌਸਮ ਵਿਭਾਗ ਮੁਤਾਬਕ ਸਾਲ 2007 ਮਗਰੋਂ ਇਹ ਸੱਭ ਤੋਂ ਬੁਰਾ ਤੂਫ਼ਾਨ ਰਿਹਾ ਹੈ। (ਪੀ.ਟੀ.ਆਈ)