
ਬਿਜਲੀ ਤੋਂ ਵਾਂਝੇ ਸਾਰੇ ਘਰਾਂ ਨੂੰ ਬਿਜਲੀ ਦੇ ਕੁਨੈਕਸ਼ਨ ਉਪਲਭਧ ਕਰਾਉਣ ਲਈ ਸਰਕਾਰ ਦਾ ਅਹਿਮ ਟੀਚਾ ਪੂਰਾ ਹੋਣ ਦੇ ਲਾਗੇ ਪਹੁੰਚ ਗਿਆ ਹੈ.........
ਨਵੀਂ ਦਿੱਲੀ : ਬਿਜਲੀ ਤੋਂ ਵਾਂਝੇ ਸਾਰੇ ਘਰਾਂ ਨੂੰ ਬਿਜਲੀ ਦੇ ਕੁਨੈਕਸ਼ਨ ਉਪਲਭਧ ਕਰਾਉਣ ਲਈ ਸਰਕਾਰ ਦਾ ਅਹਿਮ ਟੀਚਾ ਪੂਰਾ ਹੋਣ ਦੇ ਲਾਗੇ ਪਹੁੰਚ ਗਿਆ ਹੈ।
ਬਿਜਲੀ ਮੰਤਰਾਲੇ ਨੇ ਦਸਿਆ ਕਿ ਯੂਪੀ ਸਮੇਤ 25 ਰਾਜਾਂ ਨੇ ਸਾਰੇ ਘਰਾਂ ਦਾ 100 ਫ਼ੀ ਸਦੀ ਬਿਜਲੀਕਰਨ ਦਾ ਟੀਚਾ ਹਾਸਲ ਕਰ ਲਿਆ ਹੈ। ਮੰਤਰਾਲੇ ਨੇ ਬਿਆਨ ਰਾਹੀਂ ਦਸਿਆ, 'ਦੇਸ਼ ਨੇ ਬਿਜਲੀ ਖੇਤਰ ਵਿਚ ਇਕ ਹੋਰ ਮੀਲ ਦਾ ਪੱਥਰ ਹਾਸਲ ਕਰ ਲਿਆ ਹੈ। ਸਾਲ ਦੇ ਅੰਤਮ ਦਿਨ ਕੁਲ 25 ਰਾਜਾਂ ਵਿਚ ਸਾਰੇ ਘਰਾਂ ਵਿਚ ਬਿਜਲੀ ਪਹੁੰਚਾ ਦਿਤੀ ਗਈ ਹੈ।'
ਯੋਜਨਾ ਦੇ ਰਸਤ ਵਿਚ ਸੱਭ ਤੋਂ ਵੱਡਾ ਅੜਿੱਕਾ ਯੂਪੀ ਸੀ ਜਿਥੇ ਲੱਖਾਂ ਘਰ ਬਿਜਲੀ ਤੋਂ ਸਖਣੇ ਸਨ ਪਰ ਇਥੋਂ ਦੇ ਬਿਜਲੀ ਤੋਂ ਵਾਂਝੇ 74 ਲੱਖ ਤੋਂ ਵੱਧ ਘਰਾਂ ਨੂੰ ਬਿਜਲੀ ਕੁਨੈਕਸ਼ਨ ਮੁਹਈਆ ਕਰਾ ਦਿਤੇ ਗਏ ਹਨ। ਅਕਤੂਬਰ 2017 ਵਿਚ ਪ੍ਰਧਾਨ ਮੰਤਰੀ ਸਹਿਜ ਬਿਜਲੀ ਘਰ ਯੋਜਨਾ ਸ਼ੁਰੂ ਕੀਤੇ ਜਾਣ ਮਗਰੋਂ ਯੂਪੀ ਵਿਚ 74.4 ਲੱਖ ਚਾਹਵਾਨ ਪਰਵਾਰਾਂ ਨੂੰ ਬਿਜਲੀ ਕੁਨੈਕਸ਼ਨ ਉਪਲਭਧ ਕਰਾਏ ਗਏ
ਅਤੇ ਰਾਜ ਸਰਕਾਰ ਨੇ ਸਾਰੇ 75 ਜ਼ਿਲ੍ਹਿਆਂ ਵਿਚ ਬਿਜਲੀ ਪਹੁੰਚਾਉਣ ਦਾ ਕੰਮ ਪੂਰਾ ਕਰ ਲਿਆ ਹੈ। ਇਸ ਯੋਜਨਾ ਤਹਿਤ ਲੋਕਾਂ ਨੂੰ ਜਾਣਕਾਰੀ ਦਿਤੀ ਗਈ ਕਿ ਉਹ ਯੋਜਨਾ ਤਹਿਤ ਬਿਜਲੀ ਕੁਨੈਕਸ਼ਨ ਲੈ ਸਕਦੇ ਹਨ। ਜੇ ਕੋਈ ਘਰ ਬਚ ਗਿਆ ਹੈ ਤਾਂ ਉਹ 1912 'ਤੇ ਡਾਇਰ ਕਰ ਕੇ ਬਿਜਲੀ ਕੁਨੈਕਸ਼ਨ ਲੈ ਸਕਦਾ ਹੈ। ਸਰਕਾਰ ਦਾ ਟੀਚਾ ਹੈ ਕਿ 31 ਮਾਰਚ 2019 ਤਕ ਹਰ ਘਰ ਵਿਚ ਬਿਜਲੀ ਪਹੁੰਚਾਈ ਜਾਵੇ। (ਏਜੰਸੀ)