
ਇਹ ਸਮਝੌਤਾ ਦੋਹਾਂ ਧਿਰਾਂ ਨੂੰ ਇਕ ਦੂਜੇ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਕਰਨ ਤੋਂ ਰੋਕਦਾ ਹੈ
India-Pakistan: ਭਾਰਤ ਅਤੇ ਪਾਕਿਸਤਾਨ ਨੇ ਅਪਣੇ ਤਿੰਨ ਦਹਾਕਿਆਂ ਤੋਂ ਵੱਧ ਪੁਰਾਣੇ ਸਬੰਧਾਂ ਨੂੰ ਜਾਰੀ ਰਖਦੇ ਹੋਏ ਸੋਮਵਾਰ ਨੂੰ ਦੁਵੱਲੇ ਸਮਝੌਤੇ ਤਹਿਤ ਅਪਣੇ ਪ੍ਰਮਾਣੂ ਟਿਕਾਣਿਆਂ ਦੀ ਸੂਚੀ ਦਾ ਆਦਾਨ-ਪ੍ਰਦਾਨ ਕੀਤਾ। ਇਹ ਸਮਝੌਤਾ ਦੋਹਾਂ ਧਿਰਾਂ ਨੂੰ ਇਕ ਦੂਜੇ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਕਰਨ ਤੋਂ ਰੋਕਦਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਸੂਚੀ ਦਾ ਲੈਣ-ਦੇਣ ਪ੍ਰਮਾਣੂ ਟਿਕਾਣਿਆਂ ’ਤੇ ਹਮਲਿਆਂ ਨੂੰ ਰੋਕਣ ਵਾਲੇ ਸਮਝੌਤੇ ਦੇ ਪ੍ਰਬੰਧਾਂ ਤਹਿਤ ਕੀਤਾ ਗਿਆ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਾਲੇ ਕੂਟਨੀਤਕ ਚੈਨਲ ਰਾਹੀਂ ਸੂਚੀ ਦਾ ਆਦਾਨ-ਪ੍ਰਦਾਨ ਇਕੱਠਿਆਂ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੇ ਅੱਜ ਡਿਪਲੋਮੈਟਿਕ ਚੈਨਲ ਰਾਹੀਂ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚ ਇਕੋ ਸਮੇਂ ਪ੍ਰਮਾਣੂ ਟਿਕਾਣਿਆਂ ਅਤੇ ਸਹੂਲਤਾਂ ਦੀ ਸੂਚੀ ਦਾ ਲੈਣ-ਦੇਣ ਕੀਤਾ।
ਇਸ ਸਮਝੌਤੇ ’ਤੇ 31 ਦਸੰਬਰ 1988 ਨੂੰ ਦਸਤਖਤ ਕੀਤੇ ਗਏ ਸਨ ਅਤੇ ਇਹ 27 ਜਨਵਰੀ 1991 ਨੂੰ ਲਾਗੂ ਹੋਇਆ ਸੀ। ਇਸ ਸਮਝੌਤੇ ’ਚ ਦੋਹਾਂ ਦੇਸ਼ਾਂ ਨੂੰ ਹਰ ਸਾਲ ਪਹਿਲੀ ਜਨਵਰੀ ਨੂੰ ਅਪਣੇ ਪ੍ਰਮਾਣੂ ਟਿਕਾਣਿਆਂ ਅਤੇ ਸਥਾਪਨਾਵਾਂ ਬਾਰੇ ਇਕ ਦੂਜੇ ਨੂੰ ਸੂਚਿਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਸੂਚੀ ਦਾ ਆਦਾਨ-ਪ੍ਰਦਾਨ ਕਸ਼ਮੀਰ ਮੁੱਦੇ ਦੇ ਨਾਲ-ਨਾਲ ਸਰਹੱਦ ਪਾਰ ਅਤਿਵਾਦ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਰੁਕਾਵਟ ਦੇ ਵਿਚਕਾਰ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਅਜਿਹੀਆਂ ਸੂਚੀਆਂ ਦਾ ਇਹ ਲਗਾਤਾਰ 33ਵਾਂ ਆਦਾਨ-ਪ੍ਰਦਾਨ ਹੈ। ਇਹ ਸੂਚੀ ਪਹਿਲੀ ਵਾਰ 1 ਜਨਵਰੀ 1992 ਨੂੰ ਬਦਲੀ ਗਈ ਸੀ।