
ਦਿੱਲੀ ਮੈਟਰੋ ਦੀ ਬਲੂ ਲਾਈਨ ‘ਤੇ ਇਕ ਟਰੇਨ ਵਿਚ ਤੇ ਰਾਜੀਵ ਚੌਂਕ ਸਟੇਸ਼ਨ ‘ਤੇ ਸ਼ਨੀਵਾਰ ਨੂੰ ਕੁੱਝ ਨੌਜਵਾਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਨਾਅਰੇ ਲਗਾਏ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਮੈਟਰੋ ਦੀ ਬਲੂ ਲਾਈਨ ‘ਤੇ ਇਕ ਟਰੇਨ ਵਿਚ ਤੇ ਰਾਜੀਵ ਚੌਂਕ ਸਟੇਸ਼ਨ ‘ਤੇ ਸ਼ਨੀਵਾਰ ਨੂੰ ਕੁੱਝ ਨੌਜਵਾਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਨਾਅਰੇ ਲਗਾਏ। ਉਹਨਾਂ ਨੇ ‘ਦੇਸ਼ ਦੇ ਗੱਦਾਰਾਂ ਨੂੰ, ਗੋਲੀ ਮਾਰੋ...’ ਜਿਹੇ ਨਾਅਰੇ ਲਗਾਏ।
ਮੌਕੇ ‘ਤੇ ਮੌਜੂਦ ਮੀਡੀਆ ਮੁਤਾਬਕ ਭਗਵੇਂ ਰੰਗ ਦੀ ਟੀ-ਸ਼ਰਟ ਅਤੇ ਕੁੜਤੇ ਵਿਚ ਪੰਜ ਤੋਂ ਛੇ ਵਿਅਕਤੀਆਂ ਨੇ ਉਸ ਸਮੇਂ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਦੋਂ ਟਰੇਨ ਸਟੇਸ਼ਨ ‘ਤੇ ਰੁਕਣ ਹੀ ਵਾਲੀ ਸੀ। ਟਰੇਨ ‘ਚੋਂ ਉਤਰਨ ਤੋਂ ਬਾਅਦ ਵੀ ਇਹਨਾਂ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਅਤੇ ‘ਦੇਸ਼ ਦੇ ਗੱਦਾਰਾਂ ਨੂੰ, ਗੋਲੀ ਮਾਰੋ..’ ਆਦਿ ਨਾਅਰੇ ਲਗਾਏ।
ਇਸ ਨਾਅਰੇਬਾਜ਼ੀ ਨਾਲ ਇਹ ਲੋਕ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਦੇਸ਼ ਦੇ ਨੌਜਵਾਨ ਬਾਹਰ ਨਿਕਲ ਕੇ ਸੀਏਏ ਦਾ ਸਮਰਥਨ ਕਰ ਰਹੇ ਹਨ। ਮੈਟਰੋ ਵਿਚ ਸਫ਼ਰ ਕਰ ਰਹੇ ਕੁਝ ਯਾਤਰੀਆਂ ਨੇ ਜਿੱਥੇ ਉਹਨਾਂ ਦੇ ਕੋਲ ਜਾ ਕੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਉੱਥੇ ਹੀ ਕੁਝ ਯਾਤਰੀ ਘਟਨਾ ਦੀ ਵੀਡੀਓ ਬਣਾਉਣ ਲੱਗੇ।
ਸਟੇਸ਼ਨ ‘ਤੇ ਮੌਜੂਦ ਕਈ ਯਾਤਰੀ ਇਸ ਘਟਨਾ ਨੂੰ ਹੈਰਾਨ ਹੋ ਕੇ ਦੇਖ ਰਹੇ ਸੀ। ਦਿੱਲੀ ਮੈਟਰੋ ਦੀ ਸੁਰੱਖਿਆ ਦੇਖਣ ਵਾਲੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ਼) ਦੇ ਜਵਾਨਾਂ ਨੇ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਨੂੰ ਰੋਕਿਆ ਅਤੇ ਉਹਨਾਂ ਨੂੰ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ।
ਸੀਆਈਐਸਐਫ਼ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ’29 ਫਰਵਰੀ ਦੀ ਸਵੇਰੇ 10.25 ਵਜੇ ਰਾਜੀਵ ਗਾਂਧੀ ਚੌਂਕ ਮੈਟਰੋ ਸਟੇਸ਼ਨ ‘ਤੇ ਛੇ ਨੌਜਵਾਨ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਉਹਨਾਂ ਨੂੰ ਤੁਰੰਤ ਸੀਆਈਐਸਐਫ਼ ਵੱਲੋਂ ਰੋਕਿਆ ਗਿਆ ਅਤੇ ਅੱਗੇ ਦੀ ਕਾਰਵਾਈ ਲਈ ਪੁਲਿਸ ਅਧਿਕਾਰੀਆਂ ਦੇ ਹਵਾਲੇ ਕੀਤਾ’।ਨਾਅਰੇਬਾਜ਼ੀ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਆਗੂ ਕਪਿਲ ਮਿਸ਼ਰਾ ਨੇ ‘ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ...’ ਵਰਗੇ ਨਾਅਰੇ ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਆਂ ਖਿਲਾਫ਼ ਲਗਾਏ ਸੀ। ਇਸ ਤੋਂ ਬਾਅਦ ਦਿੱਲੀ ਚੋਣਾਂ ਦੌਰਾਨ ਇਸ ਰੈਲੀ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਸਟੇਜ ਤੋਂ ਇਹ ਨਾਅਰਾ ਲਗਾਇਆ ਸੀ।