
ਜੰਮੂ-ਕਸ਼ਮੀਰ 'ਚ 49 ਵਾਰ ਜਦਕਿ ਦੁਨੀਆ ਭਰ ਵਿੱਚ 187 ਵਾਰ ਬੰਦ ਹੋਇਆ ਇੰਟਰਨੈੱਟ
ਨਵੀਂ ਦਿੱਲੀ : ਭਾਰਤ ਲਗਾਤਾਰ ਪੰਜਵੇਂ ਸਾਲ ਦੁਨੀਆ ਵਿੱਚ ਇੰਟਰਨੈੱਟ ਬੰਦ ਹੋਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। 2022 ਵਿੱਚ, ਦੁਨੀਆ ਵਿੱਚ ਕੁੱਲ 187 ਵਾਰ ਇੰਟਰਨੈਟ 'ਤੇ ਪਾਬੰਦੀ ਲਗਾਈ ਗਈ ਸੀ, ਜਿਸ ਵਿੱਚੋਂ 84 ਵਾਰ ਭਾਰਤ ਵਿੱਚ ਪਾਬੰਦੀ ਲਗਾਈ ਗਈ। ਇਸ ਵਿਚ ਵੀ ਜੰਮੂ-ਕਸ਼ਮੀਰ ਵਿਚ ਸਭ ਤੋਂ ਵੱਧ ਇੰਟਰਨੈਟ ਪਾਬੰਦੀ ਲਗਾਈ ਗਈ ਸੀ। ਇੱਥੇ ਇੱਕ ਸਾਲ ਵਿੱਚ 49 ਵਾਰ ਇੰਟਰਨੈੱਟ ਬੰਦ ਹੋਇਆ। ਇਹ ਰਿਪੋਰਟ ਮੰਗਲਵਾਰ ਨੂੰ ਨਿਊਯਾਰਕ ਸਥਿਤ ਡਿਜ਼ੀਟਲ ਰਾਈਟਸ ਐਡਵੋਕੇਸੀ ਗਰੁੱਪ ਐਕਸੈਸ ਨਾਓ ਦੁਆਰਾ ਜਾਰੀ ਕੀਤੀ ਗਈ।
ਇਹ ਵੀ ਪੜ੍ਹੋ : ਜਲਦ ਹੀ ਬੈਂਕਾਂ ਮੁਲਾਜ਼ਮਾਂ ਲਈ ਹੋ ਸਕਦਾ ਹੈ 5 ਦਿਨ ਦਾ ਹਫ਼ਤਾ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਸ਼ਮੀਰ ਵਿੱਚ ਸਿਆਸੀ ਅਸਥਿਰਤਾ ਅਤੇ ਹਿੰਸਾ ਕਾਰਨ ਜਨਵਰੀ ਅਤੇ ਫਰਵਰੀ 2022 ਵਿੱਚ ਲਗਾਤਾਰ ਤਿੰਨ ਦਿਨ ਇੰਟਰਨੈੱਟ ਬੰਦ ਰਿਹਾ। ਇਸ ਲਈ ਇਕ ਤੋਂ ਬਾਅਦ ਇਕ 16 ਆਦੇਸ਼ ਜਾਰੀ ਕੀਤੇ ਗਏ। ਅਗਸਤ 2019 ਵਿੱਚ ਕੇਂਦਰ ਸਰਕਾਰ ਦੁਆਰਾ ਧਾਰਾ 370 ਨੂੰ ਹਟਾਉਣ ਅਤੇ ਜੰਮੂ-ਕਸ਼ਮੀਰ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਗਠਨ ਤੋਂ ਬਾਅਦ, ਸਰਕਾਰ ਵਲੋਂ ਸੁਰੱਖਿਆ ਕਾਰਨਾਂ ਕਰ ਕੇ ਕਈ ਖੇਤਰਾਂ ਵਿੱਚ ਸੰਚਾਰ 'ਤੇ ਲਗਾਤਾਰ ਪਾਬੰਦੀ ਲਗਾਈ ਗਈ।
ਪ੍ਰਾਪਤ ਵੇਰਵਿਆਂ ਅਨੁਸਾਰ ਯੂਕਰੇਨ ਇਸ ਸੂਚੀ 'ਚ ਦੂਜੇ ਨੰਬਰ 'ਤੇ ਸੀ। 24 ਫਰਵਰੀ ਨੂੰ ਰੂਸ ਦੁਆਰਾ ਜੰਗ ਛੇੜਨ ਤੋਂ ਬਾਅਦ, ਰੂਸੀ ਫੌਜ ਨੇ ਲਗਭਗ 22 ਵਾਰ ਯੂਕਰੇਨ ਵਿੱਚ ਇੰਟਰਨੈਟ ਕਨੈਕਸ਼ਨ ਕੱਟ ਦਿੱਤਾ। ਫੌਜ ਨੇ ਸਾਈਬਰ ਹਮਲੇ ਕੀਤੇ ਅਤੇ ਦੂਰਸੰਚਾਰ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਅਮਰੀਕਾ : ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਨੇ ਸਹਾਇਕ ਜੱਜ ਵਜੋਂ ਚੁੱਕੀ ਸਹੁੰ
ਸੂਚੀ ਵਿੱਚ ਇਰਾਨ ਤੀਜੇ ਨੰਬਰ 'ਤੇ ਸੀ ਜਿੱਥੇ 2022 ਵਿੱਚ ਪ੍ਰਸ਼ਾਸਨ ਨੇ 18 ਵਾਰ ਇੰਟਰਨੈਟ ਬੰਦ ਕੀਤਾ ਸੀ। ਇੱਥੇ 16 ਸਤੰਬਰ ਨੂੰ ਪੁਲਿਸ ਹਿਰਾਸਤ ਵਿੱਚ 22 ਸਾਲਾ ਕੁਰਦ-ਈਰਾਨੀ ਔਰਤ ਮਾਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਹੋਏ। ਇਨ੍ਹਾਂ ਨੂੰ ਰੋਕਣ ਲਈ ਸਰਕਾਰ ਨੇ ਇੰਟਰਨੈੱਟ 'ਤੇ ਪਾਬੰਦੀ ਆਇਦ ਕੀਤੀ ਸੀ।