
ਦਿੱਲੀ ਪੁਲਿਸ ਕਮਿਸ਼ਨਰ ਅਮੁੱਲਯ ਪਟਨਾਇਕ ਦੀ ਸਰਸਪ੍ਰਤੀ ਹੇਠ ਐਨ.ਡੀ.ਐਮ.ਸੀ ਕੰਵੈਨਸ਼ਨ ਹਾਲ, ਦਿੱਲੀ ਵਿਖੇ ਸਾਈਬਰ ਸੁਰੱਖਿਆ ਸਬੰਧੀ ਇਕ ਵੈਬਸਾਈਟ ਲਾਂਚ ਕੀਤੀ ਗਈ।
ਨਵੀਂ ਦਿੱਲੀ, 31 ਜੁਲਾਈ (ਸੁਖਰਾਜ ਸਿੰਘ): ਦਿੱਲੀ ਪੁਲਿਸ ਕਮਿਸ਼ਨਰ ਅਮੁੱਲਯ ਪਟਨਾਇਕ ਦੀ ਸਰਸਪ੍ਰਤੀ ਹੇਠ ਐਨ.ਡੀ.ਐਮ.ਸੀ ਕੰਵੈਨਸ਼ਨ ਹਾਲ, ਦਿੱਲੀ ਵਿਖੇ ਸਾਈਬਰ ਸੁਰੱਖਿਆ ਸਬੰਧੀ ਇਕ ਵੈਬਸਾਈਟ ਲਾਂਚ ਕੀਤੀ ਗਈ। ਜਿਸ ਦਿੱਲੀ ਪੁਲਿਸ ਦੇ ਉਚ ਅਧਿਕਾਰੀਆਂ ਸਮੇਤ ਦਿੱਲੀ ਦੇ ਵੱਖ-ਵੱਖ ਸਕੂਲਾਂ ਦੇ 200 ਕੰਪਿਊਟਰ ਅਧਿਆਪਕਾਂ ਨੇ ਵੀ ਹਾਜ਼ਰੀ ਭਰੀ।
ਇਸ ਮੌਕੇ ਬੋਲਦਿਆਂ ਅਮੁੱਲਯ ਪਟਨਾਇਕ ਨੇ ਕਿਹਾ, 'ਸਾਈਬਰ ਅਪਰਾਧ ਤੋਂ ਬਚਣ ਲਈ ਲੋਕਾਂ ਦਾ ਜਾਗਰੂਕ ਹੋਣਾ ਲਾਜ਼ਮੀ ਹੈ, ਖਾਸ ਤੌਰ 'ਤੇ ਬੱਚਿਆਂ ਅਤੇ ਔਰਤਾਂ ਨੂੰ ਜਾਗਰੂਕ ਕੀਤੇ ਜਾਣ ਦੀ ਲੋੜ ਹੈ, ਜੋ ਅਜਿਹੇ ਅਪਰਾਧਾਂ ਦੇ ਜਿਆਦਾ ਸ਼ਿਕਾਰ ਹੁੰਦੇ ਹਨ।' ਪੁਲਿਸ ਕਮਿਸ਼ਨਰ ਨੇ ਅਗੇ ਕਿਹਾ, 'ਇਸ ਤਰ੍ਹਾਂ ਦੇ ਅਪਰਾਧ ਨਾਲ ਆਰਥਕ ਨੁਕਸਾਨ ਦੇ ਨਾਲ ਨਾਲ ਕਈ ਵਾਰ ਲੋਕਾਂ ਦੀ ਸਾਖ ਖਰਾਬ ਕਰਨ ਦਾ ਯਤਨ ਵੀ ਕੀਤਾ ਜਾਂਦਾ ਹੈ। ਇਸ ਨੂੰ ਧਿਆਨ ਵਿਚ ਰਖਦਿਆਂ ਹੀ ਇਹ ਵੈਬਸਾਈਟ ਸ਼ੁਰੂ ਕੀਤੀ ਗਈ ਹੈ।' ਅਮੁੱਲਯ ਪਟਨਾਇਕ ਨੇ ਸਾਈਬਰ ਅਪਰਾਧ ਤੋਂ ਬਚਣ ਲਈ ਸਾਂਝੀ ਲੜਾਈ 'ਚ ਪੁਲਿਸ, ਮੀਡੀਆ, ਸਕੂਲ, ਸਿਵਲ ਸੁਸਾਇਟੀ ਅਤੇ ਨਾਗਰਿਕਾਂ ਦੀ ਭਾਗਦਾਰੀ 'ਤੇ ਵੀ ਜ਼ੋਰ ਦਿਤਾ। ਆਰਥਕ ਅਪਰਾਧ ਵਿੰਗ ਦੇ ਅਫਸਰਾਂ ਨੇ ਦੱਸਿਆ ਕਿ ਵੈਬਸਾਈਟ 'ਤੇ ਹਰ ਜਿਲ੍ਹੇ ਦੀ ਸਾਈਬਰ ਸੈਲ ਦਾ ਇਕ ਪੇਜ ਵੀ ਹੋਵੇਗਾ ਜਿਸ ਵਿਚ ਉਸ ਨਾਲ ਸਬੰਧਤ ਨੰਬਰਾਂ ਦਾ ਵੇਰਵਾ ਵੀ ਹੋਵੇਗਾ।
ਵੈਬਸਾਈਟ 'ਤੇ ਆਨਲਾਈਨ ਜਾਲਸਾਜੀ ਦੀ ਸ਼ਿਕਾਇਤ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਵੈਬਸਾਈਟ ਦੇ ਜਰੀਏ ਈਮੇਲ ਜਾਲਸਾਜੀ, ਸੋਸ਼ਲ ਮੀਡੀਆ ਕਰਾਈਮ, ਫੋਨ ਕਰਾਈਮ, ਡਾਟਾ ਚੋਰੀ ਵਰਗੇ ਅਪਰਾਧਾਂ ਦੀ ਸੂਚਨਾ ਪ੍ਰਾਪਤ ਹੋਵੇਗੀ। ਸ਼ਿਕਾਇਤ ਦਰਜ ਕਰਾਉਣ ਲਈ ਲੋਕਾਂ ਨੂੰ ਮਾਰਗ ਦਰਸ਼ਨ ਵੀ ਮਿਲੇਗਾ।