
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦੀ ਲੜਾਈ ਦੌਰਾਨ 'ਨਾਮਿਲਵਰਤਨ ਅੰਦੋਲਨ' ਅਤੇ 'ਭਾਰਤ ਛੱਡੋ ਅੰਦੋਲਨ' ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਅੱਜ ਲੋਕਾਂ ਨੂੰ....
ਨਵੀਂ ਦਿੱਲੀ, 30 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦੀ ਲੜਾਈ ਦੌਰਾਨ 'ਨਾਮਿਲਵਰਤਨ ਅੰਦੋਲਨ' ਅਤੇ 'ਭਾਰਤ ਛੱਡੋ ਅੰਦੋਲਨ' ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਅੱਜ ਲੋਕਾਂ ਨੂੰ ਗਰੀਬੀ, ਭ੍ਰਿਸ਼ਟਾਚਾਰ, ਜਾਤ-ਪਾਤ, ਫ਼ਿਰਕੂਵਾਦ ਅਤੇ ਅਤਿਵਾਦ ਦਾ ਮੁਲਕ ਵਿਚੋਂ ਨਾਮੋ-ਨਿਸ਼ਾਨ ਮਿਟਾਉਣ ਲਈ ਨਿਸ਼ਚਾ ਕਰਨ ਦਾ ਸੱਦਾ ਦਿਤਾ ਅਤੇ ਕਿਹਾ ਕਿ 2017 ਤੋਂ 2022 ਤਕ ਦਾ ਸਮਾਂ ਇਸ ਨਿਸ਼ਚੇ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹੈ।
ਆਕਾਸ਼ਵਾਣੀ ਤੋਂ ਪ੍ਰਸਾਰਤ 'ਮਨ ਕੀ ਬਾਤ' ਪ੍ਰੋਗਰਾਮ ਵਿਚ ਮੋਦੀ ਨੇ ਕਿਹਾ ਕਿ ਅਗੱਸਤ ਮਹੀਨਾ ਕ੍ਰਾਂਤੀ ਵਾਲਾ ਮਹੀਨਾ ਹੁੰਦਾ ਹੈ। ਇਹ ਗੱਲਾਂ ਅਸੀ ਬਚਪਨ ਤੋਂ ਸੁਣਦੇ ਆਏ ਹਾਂ ਕਿਉਂਕਿ ਪਹਿਲੀ ਅਗੱਸਤ 1920 ਨੂੰ 'ਨਾਮਿਲਵਰਤਨ ਅੰਦੋਲਨ' ਸ਼ੁਰੂ ਹੋਇਆ ਸੀ ਅਤੇ 9 ਅਗੱਸਤ 1942 ਨੂੰ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਗਿਆ ਜਦਕਿ 15 ਅਗੱਸਤ 1947 ਨੂੰ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ।
ਉਨ੍ਹਾਂ ਕਿਹਾ ਕਿ ਅਗੱਸਤ ਮਹੀਨੇ ਵਿਚ ਵਾਪਰੀਆਂ ਕਈ ਘਟਨਾਵਾਂ ਆਜ਼ਾਦੀ ਦੀ ਤਵਾਰੀਖ ਨਾਲ ਖ਼ਾਸ ਤੌਰ 'ਤੇ ਜੁੜੀਆਂ ਹੋਈਆਂ ਹਨ। ਇਸ ਸਾਲ ਅਸੀ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ 'ਭਾਰਤ ਛੱਡੋ' ਦਾ ਇਹ ਨਾਹਰਾ ਡਾ. ਯੂਸੁਫ਼ ਮਿਹਰ ਅਲੀ ਨੇ ਦਿਤਾ ਸੀ। ਸਾਡੀਆਂ ਨਵੀਆਂ ਨਸਲਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ 9 ਅਗੱਸਤ 1942 ਨੂੰ ਕੀ ਹੋਇਆ ਸੀ।
ਮੋਦੀ ਨੇ ਅੱਗੇ ਕਿਹਾ ਕਿ ਜਿਵੇਂ 1942 ਤੋਂ 1947 ਤਕ ਦੇ ਪੰਜ ਸਾਲ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫ਼ੈਸਲਾਕੁਨ ਸਾਬਤ ਹੋਏ, ਉਸੇ ਤਰ੍ਹਾਂ 2017 ਤੋਂ 2022 ਤਕ ਦੇ ਪੰਜ ਸਾਲ ਭਾਰਤ ਦੇ ਭਵਿੱਖ ਲਈ ਫ਼ੈਸਲਾਕੁਨ ਸਾਬਤ ਹੋ ਸਕਦੇ ਹਨ ਜਦੋਂ ਅਸੀ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹੋਵਾਂਗੇ। (ਏਜੰਸੀ)