
ਅੱਠ ਸਾਲ ਦਾ ਦਲਿਤ ਬੱਚਾ ਇਕ ਸਰਕਾਰੀ ਸਕੂਲ ’ਚ ਹੈਂਡ ਪੰਪ ’ਤੇ ਪਾਣੀ ਪੀਣ ਗਿਆ ਸੀ
ਜੈਪੁਰ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਇਕ ਦਲਿਤ ਮੁੰਡੇ ਦੀ ਬਾਲਟੀ ਨੂੰ ਛੂਹਣ ’ਤੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਕੁੱਟਮਾਰ ਕਰ ਦਿਤੀ। ਪੁਲਿਸ ਅਨੁਸਾਰ ਇਹ ਘਟਨਾ ਸਨਿਚਰਵਾਰ ਨੂੰ ਰਾਮਗੜ੍ਹ ਥਾਣਾ ਖੇਤਰ ਦੇ ਮੰਗਲੇਸ਼ਪੁਰ ’ਚ ਵਾਪਰੀ ਜਦੋਂ ਇਕ ਅੱਠ ਸਾਲ ਦਾ ਦਲਿਤ ਬੱਚਾ ਇਕ ਸਰਕਾਰੀ ਸਕੂਲ ’ਚ ਹੈਂਡ ਪੰਪ ’ਤੇ ਪਾਣੀ ਪੀਣ ਗਿਆ ਸੀ। ਬੱਚੇ ਦੇ ਪਿਤਾ ਵਲੋਂ ਪੁਲਿਸ ਨੂੰ ਦਿਤੀ ਸ਼ਿਕਾਇਤ ਅਨੁਸਾਰ ਮੁੰਡੇ ਨੇ ਅਪਣੇ ਹੱਥ ਨਾਲ ਹੈਂਡ ਪੰਪ ’ਤੇ ਰੱਖੀ ਬਾਲਟੀ ਹਟਾ ਦਿਤੀ, ਜਿਸ ਤੋਂ ਬਾਅਦ ਮੁਲਜ਼ਮ ਰਤੀ ਰਾਮ ਠਾਕੁਰ ਨੇ ਉਸ ਨਾਲ ਕੁੱਟਮਾਰ ਕੀਤੀ। ਪੀੜਤ ਉਸੇ ਸਕੂਲ ’ਚ ਚੌਥੀ ਜਮਾਤ ’ਚ ਪੜ੍ਹਦਾ ਹੈ ਜਿੱਥੇ ਹੈਂਡ ਪੰਪ ਲਗਿਆ ਹੈ। ਪੁਲਿਸ ਨੇ ਕਿਹਾ ਕਿ ਉਹ ਮੁੰਡੇ ਦੇ ਪਿਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਕਰ ਰਹੇ ਹਨ। ਮੁਲਜ਼ਮ ਦੀ ਪਿੰਡ ’ਚ ਚਾਹ ਦੀ ਦੁਕਾਨ ਹੈ।
ਗੋਰਖਪੁਰ ’ਚ ਪੈਰ ਨਾ ਛੂਹਣ ’ਤੇ ਅਧਿਆਪਕ ਨੇ ਦਲਿਤ ਵਿਦਿਆਰਥੀ ਨੂੰ ਕੁੱਟਿਆ
ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਅਨੁਸੂਚਿਤ ਜਾਤੀ ਵਰਗ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਨੂੰ ਇਕ ਅਧਿਆਪਕ ਨੇ ਪੈਰ ਨਾ ਛੂਹਣ ’ਤੇ ਕਥਿਤ ਤੌਰ ’ਤੇ ਕੁੱਟਿਆ ਅਤੇ ਜਾਤੀਸੂਚਤ ਗਾਲ੍ਹਾਂ ਕੱਢੀਆਂ। ਪੁਲਿਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿਤੀ । ਪੁਲਿਸ ਅਨੁਸਾਰ ਜ਼ਿਲ੍ਹੇ ਦੇ ਉਰੂਵਾ ਥਾਣਾ ਖੇਤਰ ਦੇ ਮੁਰਾਰਪੁਰ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਵੀ ਸ਼ੰਕਰ ਪਾਂਡੇ ’ਤੇ ਛੇਵੀਂ ਜਮਾਤ ਦੇ ਇਕ ਦਲਿਤ ਵਿਦਿਆਰਥੀ ਨੂੰ ਕੁੱਟਣ ਅਤੇ ਜਾਤੀਵਾਦੀ ਗਾਲ੍ਹਾਂ ਕੱਢਣ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਦੋਸ਼ ਹੈ ਕਿ ਅਧਿਆਪਕ ਨੇ ਸਨਮਾਨ ਵਜੋਂ ਵਿਦਿਆਰਥੀ ਦੇ ਪੈਰ ਨਾ ਛੂਹਣ ’ਤੇ ਉਸ ਦੀ ਕੁੱਟਮਾਰ ਕੀਤੀ। ਪੁਲਿਸ ਨੇ ਦੋਸ਼ੀ ਅਧਿਆਪਕ ਵਿਰੁਧ ਐਸਸੀ/ਐਸਟੀ ਅੱਤਿਆਚਾਰ ਰੋਕੂ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਵਧੀਕ ਪੁਲਿਸ ਸੁਪਰਡੈਂਟ ਜਿਤੇਂਦਰ ਕੁਮਾਰ ਨੇ ਦਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ। ਜਾਂਚ ਅਤੇ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਰਮੇਂਦਰ ਕੁਮਾਰ ਨੇ ਦਸਿਆ ਕਿ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।