
ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਤੋਂ ਬਾਅਦ ਡੀ.ਐਮ.ਕੇ. ’ਤੇ ਵੀ ਲਾਏ ਦੋਸ਼
ਚੇਨਈ: ਭਾਰਤ ਸਰਕਾਰ ਵਲੋਂ 1974 ’ਚ ਸ਼੍ਰੀਲੰਕਾ ਨੂੰ ਸੌਂਪੇ ਗਏ ਛੋਟੇ ਜਿਹੇ ਟਾਪੂ ਕੱਚਾਤੀਵੂ ਦਾ ਭਾਵਨਾਤਮਕ ਮੁੱਦਾ ਸਾਬਕਾ ਮੁੱਖ ਮੰਤਰੀਆਂ ਐਮ. ਕਰੁਣਾਨਿਧੀ ਅਤੇ ਜੇ ਜੈਲਲਿਤਾ ਵਿਚਾਲੇ ਹਮੇਸ਼ਾ ਵਿਵਾਦ ਦਾ ਵਿਸ਼ਾ ਰਿਹਾ ਹੈ ਅਤੇ ਜੈਲਲਿਤਾ ਨੇ ਮਛੇਰਿਆਂ ਦੇ ਮੁੱਦਿਆਂ ਦਾ ਹੱਲ ਕਰਨ ਲਈ ਇਸ ਟਾਪੂ ਨੂੰ ਵਾਪਸ ਹਾਸਲ ਕਰਨ ਤਕ ਦਾ ਸੱਦਾ ਦਿਤਾ ਸੀ।
1974 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਰਤ-ਸ਼੍ਰੀਲੰਕਾ ਸਮੁੰਦਰੀ ਸੰਧੀ ਦੇ ਤਹਿਤ ਕੱਚਾਤੀਵੂ ਨੂੰ ਸ਼੍ਰੀਲੰਕਾ ਦੇ ਖੇਤਰ ਵਜੋਂ ਮਾਨਤਾ ਦਿਤੀ ਸੀ। ਇਸ ਸਮਝੌਤੇ ਦਾ ਉਦੇਸ਼ ਪਾਕ ਜਲਸੰਧੀ ’ਚ ਸਮੁੰਦਰੀ ਸਰਹੱਦਾਂ ਦੇ ਮੁੱਦੇ ਨੂੰ ਹੱਲ ਕਰਨਾ ਸੀ। ਇਸ ਤੋਂ ਬਾਅਦ 1976 ਵਿਚ ਇਕ ਹੋਰ ਸਮਝੌਤੇ ’ਤੇ ਹਸਤਾਖਰ ਕੀਤੇ ਗਏ, ਜਿਸ ਦੇ ਤਹਿਤ ਦੋਹਾਂ ਦੇਸ਼ਾਂ ਦੇ ਮਛੇਰਿਆਂ ਨੂੰ ਇਕ-ਦੂਜੇ ਦੇ ਵਿਸ਼ੇਸ਼ ਆਰਥਕ ਖੇਤਰ ਵਿਚ ਮੱਛੀ ਫੜਨ ਤੋਂ ਰੋਕ ਦਿਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਸ ਮੁੱਦੇ ’ਤੇ ਕਾਂਗਰਸ ਅਤੇ ਉਸ ਦੀ ਸਹਿਯੋਗੀ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐਮ.ਕੇ.) ਦੀ ਆਲੋਚਨਾ ਕੀਤੀ, ਜੋ ਸਮਝੌਤੇ ਦੇ ਸਮੇਂ ਸੱਤਾ ’ਚ ਸੀ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਨੇ ਸੂਬੇ ਦੇ ਹਿਤਾਂ ਲਈ ਕੁੱਝ ਨਹੀਂ ਕੀਤਾ। ਤਾਮਿਲਨਾਡੂ ’ਚ ਲੋਕ ਸਭਾ ਚੋਣਾਂ ਲਈ 19 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਇਹ ਮੁੱਦਾ ਹੁਣ ਕੇਂਦਰ ’ਚ ਆ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਟਾਪੂ ਨੂੰ ਸ਼੍ਰੀਲੰਕਾ ਨੂੰ ਸੌਂਪਣ ਲਈ ਕਾਂਗਰਸ ਅਤੇ ਡੀ.ਐਮ.ਕੇ. ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।
ਜਦਕਿ ਡੀ.ਐਮ.ਕੇ. ਪ੍ਰਧਾਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਕੱਚਾਤੀਵੂ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ’ਤੇ ਸੋਮਵਾਰ ਨੂੰ ਜਵਾਬੀ ਹਮਲਾ ਕੀਤਾ ਅਤੇ ਚੋਣਾਂ ਤੋਂ ਪਹਿਲਾਂ ਮਛੇਰਿਆਂ ਪ੍ਰਤੀ ਭਾਜਪਾ ਦੇ ‘ਅਚਾਨਕ ਵਧੇ ਪਿਆਰ’ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਤਾਮਿਲਨਾਡੂ ਵਲੋਂ ਮੰਗੇ ਗਏ 37,000 ਕਰੋੜ ਰੁਪਏ ਦੇ ਹੜ੍ਹ ਰਾਹਤ ਪੈਕੇਜ ਸਮੇਤ ਕਈ ਮੁੱਦਿਆਂ ’ਤੇ ਵੀ ਸਵਾਲ ਚੁੱਕੇ। ਤਾਮਿਲਨਾਡੂ ਦੀਆਂ ਸਿਆਸੀ ਪਾਰਟੀਆਂ ਅਤੇ ਮਛੇਰਿਆਂ ਦੀਆਂ ਐਸੋਸੀਏਸ਼ਨਾਂ ਲੰਮੇ ਸਮੇਂ ਤੋਂ ਕਥਿਤ ਸਮੁੰਦਰੀ ਉਲੰਘਣਾ ਲਈ ਤਾਮਿਲਨਾਡੂ ਦੇ ਮਛੇਰਿਆਂ ਦੀ ਗ੍ਰਿਫਤਾਰੀ ਦੇ ਇਕੋ ਇਕ ਹੱਲ ਵਜੋਂ ਕੱਚਾਤੀਵੂ ਨੂੰ ਵਾਪਸ ਲੈਣ ’ਤੇ ਜ਼ੋਰ ਦੇ ਰਹੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਮਛੇਰਿਆਂ ਨੂੰ ਵਿਵਾਦਿਤ ਟਾਪੂ ’ਤੇ ਮੱਛੀ ਫੜਨ ਦੇ ਰਵਾਇਤੀ ਅਧਿਕਾਰ ਹਨ। ਜੈਲਲਿਤਾ ਨੇ ਖੁਦ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਟਾਪੂ ਨੂੰ ਮੁੜ ਹਾਸਲ ਕਰਨ ਦੀ ਮੰਗ ਕੀਤੀ ਸੀ। ਬਾਅਦ ’ਚ ਏ.ਆਈ.ਏ.ਡੀ.ਐਮ.ਕੇ. ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਮਾਮਲੇ ’ਚ ਅਪਣੇ ਆਪ ਨੂੰ ਇਕ ਧਿਰ ਬਣਾ ਲਿਆ।
ਇਸ ਦੌਰਾਨ ਜੈਸ਼ੰਕਰ ਨੇ ਵੀ ਸੋਮਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਨੇ ਕੱਚਾਤੀਵੂ ਟਾਪੂ ਪ੍ਰਤੀ ਉਦਾਸੀਨਤਾ ਵਿਖਾਈ ਅਤੇ ਭਾਰਤੀ ਮਛੇਰਿਆਂ ਦੇ ਅਧਿਕਾਰ ਖੋਹ ਲਏ। ਜੈਸ਼ੰਕਰ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਵਰਗੇ ਪ੍ਰਧਾਨ ਮੰਤਰੀਆਂ ਨੇ ਕੱਚਾਤੀਵੂ ਨੂੰ ‘ਛੋਟਾ ਟਾਪੂ’ ਅਤੇ ‘ਛੋਟਾ ਪੱਥਰ’ ਦਸਿਆ ਸੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਅਚਾਨਕ ਨਹੀਂ ਆਇਆ ਹੈ ਪਰ ਇਹ ਹਮੇਸ਼ਾ ਇਕ ਭਖਦਾ ਮੁੱਦਾ ਰਿਹਾ ਹੈ। ਕੱਚਾਤੀਵੂ ਨੂੰ ਵਾਪਸ ਲੈਣ ਦਾ ਮੁੱਦਾ ਪ੍ਰਮੁੱਖ ਦ੍ਰਾਵਿੜ ਪਾਰਟੀਆਂ ’ਚ ਤਿੱਖੀ ਬਹਿਸ ਦਾ ਵਿਸ਼ਾ ਰਿਹਾ ਹੈ। ਜੂਨ 2016 ’ਚ ਤਤਕਾਲੀ ਮੁੱਖ ਮੰਤਰੀ ਜੈਲਲਿਤਾ ਨੇ ਕਰੁਣਾਨਿਧੀ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਟਾਪੂ ਨੂੰ ਸ਼੍ਰੀਲੰਕਾ ਨੂੰ ਸੌਂਪਣ ਤੋਂ ਰੋਕਣ ਲਈ ਕੁੱਝ ਨਹੀਂ ਕੀਤਾ।