
NHAI (ਕਾਨਪੁਰ) ਦਾ ਪ੍ਰਾਜੈਕਟ ਡਾਇਰੈਕਟਰ ਪ੍ਰਸ਼ਾਂਤ ਦੂਬੇ ਨੇ ਕਿਹਾ ਕਿ ਮੌਜੂਦਾ ਟੋਲ ਦਰਾਂ ਲਾਗੂ ਰਹਿਣਗੀਆਂ।
Toll Tax News: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਅੱਜ ਯਾਨੀ 1 ਅਪ੍ਰੈਲ ਤੋਂ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸ ਵੇਅ 'ਤੇ ਟੋਲ ਟੈਕਸ ਵਧਾਉਣ ਦਾ ਅਪਣਾ ਫੈਸਲਾ ਵਾਪਸ ਲੈ ਲਿਆ ਹੈ। ਇਕ ਮੀਡੀਆ ਰੀਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਰੋਲਬੈਕ ਸਬੰਧੀ ਸਾਰੇ ਪ੍ਰਾਜੈਕਟ ਡਾਇਰੈਕਟਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ। NHAI (ਕਾਨਪੁਰ) ਦਾ ਪ੍ਰਾਜੈਕਟ ਡਾਇਰੈਕਟਰ ਪ੍ਰਸ਼ਾਂਤ ਦੂਬੇ ਨੇ ਕਿਹਾ ਕਿ ਮੌਜੂਦਾ ਟੋਲ ਦਰਾਂ ਲਾਗੂ ਰਹਿਣਗੀਆਂ।
ਦੱਸ ਦੇਈਏ ਕਿ ਇਹ ਫ਼ੈਸਲਾ NHAI ਵਲੋਂ ਟੋਲ ਦਰਾਂ ਵਧਾਉਣ ਦੇ ਫੈਸਲੇ ਦੇ ਕੁੱਝ ਦਿਨ ਬਾਅਦ ਹੀ ਆਇਆ ਹੈ। ਐਤਵਾਰ ਰਾਤ ਕਰੀਬ 9 ਵਜੇ NHAI ਦੇ ਪ੍ਰਾਜੈਕਟ ਮੈਨੇਜਰ (ਬਰੇਲੀ) ਵਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ ਕਿ ਅਗਲੇ ਹੁਕਮਾਂ ਤਕ ਟੋਲ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਆਗਰਾ ਅਤੇ ਉੱਤਰ ਪ੍ਰਦੇਸ਼ ਦੇ ਹੋਰ ਖੇਤਰਾਂ ਵਿਚ ਤਾਇਨਾਤ NHAI ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਫਿਲਹਾਲ ਟੋਲ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
ਹਾਲਾਂਕਿ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਯੂਪੀਐਸਆਰਟੀਸੀ ਦੀ ਪਬਲਿਕ ਟਰਾਂਸਪੋਰਟ ਏਜੰਸੀ ਨੂੰ ਐਨਐਚਏਆਈ ਤੋਂ ਟੋਲ ਦਰਾਂ ਨੂੰ ਸੋਧਣ ਦਾ ਕੋਈ ਆਦੇਸ਼ ਨਹੀਂ ਮਿਲਿਆ ਹੈ। ਇਸ ਲਈ ਬੱਸ ਕਿਰਾਏ 'ਤੇ ਸਰਚਾਰਜ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਦੇਸ਼ ਭਰ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਟੋਲ ਫੀਸ ਵਧਾਉਣ ਦਾ ਫੈਸਲਾ ਟਾਲਣ ਦੇ ਕਿਆਸ ਲਗਾਏ ਜਾ ਰਹੇ ਹਨ।
(For more Punjabi news apart from NHAI halts annual toll fee hike ahead of polls, stay tuned to Rozana Spokesman)