
ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਨਾਰਗੁੜਾ ’ਚ ਸਿਹਤ ਵਿਭਾਗ ਦੀ ਟੀਮ ’ਤੇ ਇਕ ਨੌਜਵਾਨ ਨੇ ਹਮਲਾ ਕਰ ਦਿਤਾ। ਨੌਜਵਾਨ ਨੇ ਕੁੱਟਮਾਰ ਮਗਰੋਂ ਏਐੱਨਐੱਮ
ਟੀਕਮਗੜ੍ਹ, 30 ਅਪ੍ਰੈਲ : ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਨਾਰਗੁੜਾ ’ਚ ਸਿਹਤ ਵਿਭਾਗ ਦੀ ਟੀਮ ’ਤੇ ਇਕ ਨੌਜਵਾਨ ਨੇ ਹਮਲਾ ਕਰ ਦਿਤਾ। ਨੌਜਵਾਨ ਨੇ ਕੁੱਟਮਾਰ ਮਗਰੋਂ ਏਐੱਨਐੱਮ (ਆਕਸੀਲਰੀ ਨਰਸ ਮਿਡਵਾਈਫ) ਦੇ ਵਾਲ ਫੜ ਕੇ ਸੜਕ ’ਤੇ ਘੜੀਸਿਆ। ਉਨ੍ਹਾਂ ਦੀ ਸਕੂਟੀ ਨੂੰ ਵੀ ਨੁਕਸਾਨ ਪਹੁੰਚਾਇਆ। ਮੁਲਜ਼ਮ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ, ਹਾਲ ਹੀ ਵਿਚ ਦਿੱਲੀ ਤੋਂ 21 ਮਜ਼ਦੂਰ ਨਾਰਗੁੜਾ ਪਰਤੇ ਹਨ। ਏਐਨਐਮ ਰਾਮਾ ਅਹਿਰਵਾਰ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਚਾਰ ਮੈਂਬਰੀ ਟੀਮ ਵੀਰਵਾਰ ਨੂੰ ਪਿੰਡ ਪੁੱਜੀ। ਸਕਰੀਨਿੰਗ ਦੌਰਾਨ ਰਾਜੇਂਦਰ ਅਹਿਰਵਾਰ ਨੇ ਏਐਨਐਮ ਨਾਲ ਮਾੜਾ ਵਿਵਹਾਰ ਕੀਤਾ। ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਰਾਜੇਂਦਰ ਨੇ ਏਐਨਐਮ ਨਾਲ ਕੁੱਟਮਾਰ ਕਰ ਦਿਤੀ। ਉਸ ਨੇ ਏਐਨਐਮ ਦੇ ਵਾਲ ਫੜ ਕੇ ਘੜੀਸਿਆ। ਬਾਅਦ ਵਿਚ ਉਸ ਨੇ ਏਐਨਐਮ ਦੀ ਸਕੂਟੀ ਨੂੰ ਵੀ ਨੁਕਸਾਨ ਪਹੁੰਚਾਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਦੌਰ, ਭੋਪਾਲ ਅਤੇ ਖਰਗੋਨ ਵਿਚ ਵੀ ਸਿਹਤ ਵਿਭਾਗ ਦੀ ਟੀਮ ਅਤੇ ਪੁਲਿਸ ਮੁਲਾਜ਼ਮਾਂ ’ਤੇ ਹਮਲੇ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਏਐਨਐਮ ਦੀ ਰਿਪੋਰਟ ’ਤੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
(ਏਜੰਸੀ)