
ਹੁਣ ਤਕ ਦਿੱਲੀ ਵਿਚ ਯੂਨਾਈਟਡ ਸਿੱਖਜ਼ ਦੇ ਕਾਰਕੁਨ 200 ਮ੍ਰਿਤਕ ਦੇਹਾਂ ਦੇ ਕਰ ਚੁਕੇ ਹਨ ਸਸਕਾਰ
ਨਵੀਂ ਦਿੱਲੀ (ਅਮਨਦੀਪ ਸਿੰਘ) : ਅੱਜ ਜਦੋਂ ਕੋਰੋਨਾ ਨਾਲ ਮਰ ਰਹੇ ਲੋਕਾਂ ਦਾ ਸਸਕਾਰ ਕਰਨ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਵੀ ਡਰ ਰਹੇ ਹਨ ਤੇ ਮ੍ਰਿਤਕ ਦੇਹਾਂ ਲਈ ਐਂਬੂਲੈਂਸਾਂ ਤਕ ਨਹੀਂ ਮਿਲ ਰਹੀ। ਉਦੋਂ ਦਿੱਲੀ ਵਿਚ ਕਈ ਸਿੱਖਾਂ ਵਲੋਂ ਮਨੁੱਖਤਾ ਦੀ ਮਿਸਾਲ ਕਾਇਮ ਕਰਦੇ ਹੋਏ ਕੋਰੋਨਾ ਮ੍ਰਿਤਕਾਂ ਦੇ ਸਸਕਾਰ ਕੀਤੇ ਜਾ ਰਹੇ ਹਨ।
Corona Deaths
ਕੌਮਾਂਤਰੀ ਸਿੱਖ ਜਥੇਬੰਦੀ ਯੂਨਾਈਟਡ ਸਿੱਖਜ਼ ਦੀ ਦਿੱਲੀ ਟੀਮ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਦੀਨ ਦਇਆਲ ਹਸਪਤਾਲ ਤੇ ਹੋਰਨਾਂ ਥਾਂਵਾਂ ਤੋਂ ਲੋੜਵੰਦਾਂ ਤੇ ਕਰੋਨਾ ਨਾਲ ਮਰ ਚੁਕੇ ਲੋਕਾਂ ਦੀਆਂ ਦੇਹਾਂ ਅਪਣੀ ਐਂਬੂਲੈਂਸ ਵਿਚ ਲਿਜਾ ਕੇ, ਵੱਖ-ਵੱਖ ਸ਼ਮਸ਼ਾਨ ਘਾਟਾਂ ਵਿਚ ਸਸਕਾਰ ਕਰ ਰਹੀ ਹੈ। ਹੁਣ ਤਕ ਜਥੇਬੰਦੀ ਦੇ ਕਾਰਕੁਨ ਬਿਨਾਂ ਕੋਈ ਪੈਸਾ ਲਏ ਦਿੱਲੀ ਵਿਚ ਤਕਰੀਬਨ 200 ਮ੍ਰਿਤਕ ਦੇਹਾਂ ਦੇ ਸਸਕਾਰ ਪੂਰੇ ਰੀਤੀ ਰਿਵਾਜ਼ਾਂ ਨਾਲ ਕਰ ਚੁੁਕੇ ਹਨ। ਹੁਣ ਜਥੇਬੰਦੀ ਵਲੋਂ ਲੋੜਵੰਦਾਂ ਨੂੰ ਆਕਸੀਜਨ ਦੇ 6 ਲਿਟਰ ਦੇ ਛੋਟੇ ਸਿਲੰਡਰ ਵੀ ਦਿਤੇ ਜਾ ਰਹੇ ਹਨ।
United Sikhs activists have cremated 200 bodies in Delhi till now
ਜਥੇਬੰਦੀ ਦੇ ਸਾਰੇ 7 ਕਾਰਕੁਨ, ਜਿਨ੍ਹਾਂ ਵਿਚ ਪ੍ਰੀਤਮ ਸਿੰਘ, ਦਵਿੰਦਰਪਾਲ ਸਿੰਘ, ਮਨਜੀਤ ਸਿੰਘ, ਜਸਪਾਲ ਸਿੰਘ, ਚਰਨਜੀਤ ਸਿੰਘ, ਅਮਿੰਦਰ ਸਿੰਘ ਤੇ ਬੱਬਲੂ ਵੀਰ ਸ਼ਾਮਲ ਹਨ, ਹਰ ਰੋਜ਼ ਸਵੇਰੇ 7 ਵੱਜੇ ਆਪਣੇ ਘਰਾਂ ਤੋਂ ਨਿਕਲ ਜਾਂਦੇ ਹਨ ਤੇ ਦੇਹਾਂ ਦੇ ਸਸਕਾਰ ਕਰਨ ਪਿਛੋਂ ਸ਼ਾਮ 7 ਵੱਜੇ ਹੀ ਘਰ ਵਾਪਸ ਪਰਤਦੇ ਹਨ। ਬੇਰੀ ਵਾਲਾ ਬਾਗ਼, ਸੁਭਾਸ਼ ਨਗਰ, ਪੰਜਾਬੀ ਬਾਗ਼, ਪਸ਼ਚਿਮ ਵਿਹਾਰ, ਹਸਪਤਸਾਲ, ਸ਼ਕੂਰ ਬਸਤੀ ਅਤੇ ਲੋਧੀ ਰੋਡ ਸ਼ਮਸ਼ਾਨਘਾਟ ਵਿਚ ਲਿਜਾ ਕੇ ਦੇਹਾਂ ਦੇ ਸਸਕਾਰ ਕਰਦੇ ਹਨ।
United Sikh
‘ਸਪੋਕਸਮੈਨ’ ਨਾਲ ਗੱਲਬਾਤ ਕਰਦੇ ਹੋਏ ਯੂਨਾਈਟਡ ਸਿੱਖਜ਼ ਦਿੱਲੀ ਦੇ ਇਕ ਨੁਮਾਇੰਦੇ ਪ੍ਰੀਤਮ ਸਿੰਘ ਨੇ ਦਸਿਆ, “ਆਮ ਤੌਰ ’ਤੇ ਜਿਨ੍ਹਾਂ ਘਰਾਂ ਵਿਚ ਪੂਰੇ ਪਰਵਾਰ ਕੋਰੋਨਾ ਪੀੜਤ ਹਨ ਜਾਂ ਜਿਥੇ ਲੋਕ ਬੇਸਹਾਰਾ ਹਨ, ਉਥੋਂ ਰੋਜ਼ ਸਸਕਾਰ ਲਈ ਮਦਦ ਦੇ ਫ਼ੋਨ ਆਉਂਦੇ ਹਨ। ਉਥੇ ਨਾ ਤਾਂ ਐਮ.ਸੀ.ਡੀ. ਵਾਲੇ, ਨਾ ਐਂਬੂਲੈਂਸ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਪਹੁੰਚਦੇ ਹਨ। ਮ੍ਰਿਤਕ ਦੇ ਇਕ ਦੋ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਅਸੀ ਮ੍ਰਿਤਕ ਦੇਹਾਂ ਦਾ ਸਸਕਾਰ ਕਰਦੇ ਹਾਂ। ਇਹ ਸੱਭ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਕਰ ਰਹੇ ਹਾਂ।’’