
ਦੋਨੋਂ ਸਿੱਖਾਂ ਦਾ 4 ਮਾਰਚ, 2011 ਨੂੰ ਘਾਤ ਲਾ ਕੇ ਕੀਤੇ ਹਮਲੇ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਅਮਰੀਕਾ : ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗ੍ਰੋਵ ਦੇ 100ਵੇਂ ਪਾਰਕ ਦਾ ਨਾਂ ਦੋ ਸਵਰਗਵਾਸੀ ਸਿੱਖ ਬਜ਼ੁਰਗਾਂ ਦੇ ਨਾਂ ਉੱਤੇ ਰੱਖਿਆ ਗਿਆ ਹੈ। ਇਸ ਪਾਰਕ ਦਾ ਨਾਂ ‘ਸਿੰਘ ਐਂਡ ਕੌਰ ਪਾਰਕ’ ਰੱਖਿਆ ਗਿਆ ਹੈ। ਇਹ ਪਾਰਕ ਉਨ੍ਹਾਂ ਦੋ ਸਿੱਖ ਬਜ਼ੁਰਗਾਂ ਸੁਰਿੰਦਰ ਸਿੰਘ (65) ਤੇ ਗੁਰਮੇਜ ਸਿੰਘ ਅਟਵਾਲ (78) ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ਦਾ ਬਿਨ੍ਹਾਂ ਵਜ੍ਹਾ 4 ਮਾਰਚ, 2011 ਨੂੰ ਘਾਤ ਲਾ ਕੇ ਕੀਤੇ ਹਮਲੇ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
Singh And Kaur Park
ਇਹ ਦੋਵੇਂ ਬਜ਼ੁਰਗ ਤਦ ਐਲਕ ਗ੍ਰੋਵ ਦੇ ਈਸਟ ਸਟੌਕਟਨ ਬੂਲੇਵਾਰਡ ’ਚ ਸ਼ਾਮ ਦੀ ਸੈਰ ਲਈ ਘਰੋਂ ਬਾਹਰ ਨਿੱਕਲੇ ਸਨ। ਹੁਣ ਨਗਰ ਕੌਂਸਲ ਨੇ 10 ਸਾਲਾਂ ਬਾਅਦ ਉਨ੍ਹਾਂ ਦੀ ਯਾਦ ਵਿਚ ਸ਼ਹਿਰ ਦੇ 100ਵੇਂ ਪਾਰਕ ਦਾ ਨਾਂ ‘ਸਿੰਘ ਤੇ ਕੌਰ’ ਰੱਖਿਆ ਹੈ। ਡੈਰੇਲ ਸਮਿੱਥ ਦੀ ਰਿਪੋਰਟ ਅਨੁਸਾਰ ਦੋਵੇਂ ਸਿੱਖ ਬਜ਼ੁਰਗਾਂ ਦਾ ਕਾਤਲ ਸੁਨਹਿਰੀ ਰੰਗੇ ਪਿੱਕਅਪ ਟਰੱਕ ’ਚ ਆਇਆ ਸੀ ਤੇ ਉਸ ਨੇ ਪਹਿਲਾਂ ਦੋਵਾਂ ਨੂੰ ਇੱਕ ਪਾਸੇ ਘੜੀਸਿਆ ਤੇ ਫਿਰ ਸੈਮੀ ਆਟੋਮੈਟਿਕ ਹੈਂਡਗੰਨ ਨਾਲ ਉਨ੍ਹਾਂ ਉੱਤੇ ਹਮਲਾ ਬੋਲ ਦਿੱਤਾ ਸੀ। ਉਹ ਕਾਤਲ ਹਾਲੇ ਤੱਕ ਫੜਿਆ ਨਹੀਂ ਗਿਆ।
Surinder Singh, Gurmej Singh
ਐਲਕ ਗ੍ਰੋਵ ਦੇ ਮੇਅਰ ਬੌਬੀ ਸਿੰਘ-ਐਲਨ ਨੇ ਕਿਹਾ ਕਿ ਨਿਸ਼ਚਤ ਤੌਰ ’ਤੇ ਇਹ ਇੱਕ ਵੱਡਾ ਦੁਖਾਂਤ ਸੀ। ਦੋਵੇਂ ਸਿੱਖ ਬਜ਼ੁਰਗ ਬਹੁਤ ਸ਼ਾਂਤੀਪੂਰਵਕ ਆਪਣੇ ਰਸਤੇ ਤੁਰੇ ਜਾ ਰਹੇ ਸਨ। ਦੱਸ ਦੇਈਏ ਕਿ ਬੌਬੀ ਸਿੰਘ-ਐਲਨ ਅਮਰੀਕਾ ਦੇ ਸਿੱਧੇ ਚੁਣੇ ਜਾਣ ਵਾਲੇ ਪਹਿਲੇ ਮੇਅਰ ਹਨ। ਉਨ੍ਹਾਂ ਕਿਹਾ ਕਿ ਇਹ ਨਫ਼ਰਤੀ ਹਿੰਸਾ ਦਾ ਇੱਕ ਭੈੜਾ ਮਾਮਲਾ ਸੀ।
Singh And Kaur Park
ਬੀਤੇ ਮਾਰਚ ਮਹੀਨੇ ਐਲਕ ਗ੍ਰੋਵ ਦੇ ਸਿਟੀ ਹਾਲ ’ਚ ਬੌਬੀ ਸਿੰਘ-ਐਲਨ ਅਤੇ ਹੋਰ ਕਈ ਸਥਾਨਕ ਆਗੂਆਂ ਨੇ ਸੁਰਿੰਦਰ ਸਿੰਘ ਤੇ ਗੁਰਮੇਜ ਸਿੰਘ ਅਟਵਾਲ ਦੀ ਯਾਦ ਵਿਚ ਪਾਰਕ ਦਾ ਨਾਂਅ ਰੱਖਣ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਹੀ ਨਗਰ ਕੌਂਸਲ ਨੇ ਇਨ੍ਹਾਂ ਦੋਵੇਂ ਕਤਲਾਂ ਦੀ ਨਿੰਦਾ ਦਾ ਮਤਾ ਪਾਸ ਕੀਤਾ ਸੀ
ਕੈਲੀਫ਼ੋਰਨੀਆ ਸੂਬੇ ਦੀ ਸੈਕਰਾਮੈਂਟੋ ਕਾਊਂਟੀ ’ਚ ਐਲਕ ਗ੍ਰੋਵ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।
Singh And Kaur Park
ਇਸ ਸ਼ਹਿਰ ਵਿਚ ਸਿੱਖਾਂ ਦੀ ਵੱਡੀ ਗਿਣਤੀ ਵੱਸਦੀ ਹੈ। ਇਸ ਦੌਰਾਨ ਗੁਰਮੇਜ ਸਿੰਘ ਅਟਵਾਲ ਦੇ ਪੁੱਤਰ ਕਮਲਜੀਤ ਸਿੰਘ ਅਟਵਾਲ ਨੇ ਕਿਹਾ ਕਿ ਉਹ ਸਿਰਫ਼ ਇਹ ਕਹਿਣਾ ਚਾਹੁੰਦੇ ਹਨ ਕਿ ਇਹ ਪਾਰਕ ਦੋ ਨਿਰਦੇਸ਼ ਆਤਮਾਵਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਸ਼ਹਿਰ ਵਿਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।