
ਗੋਰਖਪੁਰ ਅਤੇ ਫੂਲਪੁਰ ਲੋਕ ਸਭਾ ਜ਼ਿਮਨੀ ਚੋਣਾਂ ਮਗਰੋਂ ਯੂਪੀ ਦੀ ਕੈਰਾਨਾ ਲੋਕ ਸਭਾ ਸੀਟ ਅਤੇ ਨੂਰਪੁਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਵਿਚ ਵੀ ਵਿਰੋਧੀ ਇਕਜੁਟਤਾ ...
ਲਖਨਊ,: ਗੋਰਖਪੁਰ ਅਤੇ ਫੂਲਪੁਰ ਲੋਕ ਸਭਾ ਜ਼ਿਮਨੀ ਚੋਣਾਂ ਮਗਰੋਂ ਯੂਪੀ ਦੀ ਕੈਰਾਨਾ ਲੋਕ ਸਭਾ ਸੀਟ ਅਤੇ ਨੂਰਪੁਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਵਿਚ ਵੀ ਵਿਰੋਧੀ ਇਕਜੁਟਤਾ ਅੱਗੇ ਸੱਤਾਧਿਰ ਭਾਜਪਾ ਨੂੰ ਇਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਦੋਹਾਂ ਸੀਟਾਂ 'ਤੇ ਸਮਾਜਵਾਦੀ ਪਾਰਟੀ ਅਤੇ ਆਰਐਲਡੀ ਗਠਜੋੜ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਲਈ।
ਕੈਰਾਨਾ ਵਿਚ ਆਰਐਲਡੀ ਉਮੀਦਵਾਰ ਤਬੱਸੁਮ ਹਸਨ ਨੇ ਭਾਜਪਾ ਉਮੀਦਵਾਰ ਮੁਗਾਂਕਾ ਸਿੰਘ ਨੂੰ 44618 ਵੋਟਾਂ ਨਾਲ ਹਰਾਇਆ। ਤਬੱਸੁਮ ਨੂੰ 481182 ਅਤੇ ਮੁਗਾਂਕਾ ਨੂੰ 436564 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਤਬੱਸੁਮ 16ਵੀਂ ਲੋਕ ਸਭਾ ਵਿਚ ਪਹੁੰਚਣ ਵਾਲੀ ਯੂਪੀ ਦੀ ਪਹਿਲੀ ਮਹਿਲਾ ਮੁਸਲਿਮ ਸੰਸਦ ਮੈਂਬਰ ਬਣ ਗਈ ਹੈ।
Avni Singh
ਨੂਰਪੁਰ ਵਿਧਾਨ ਸਭਾ ਸੀਟ 'ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨਈਮੁਲ ਹਸਨ ਨੇ ਨੇੜਲੇ ਵਿਰੋਧੀ ਭਾਜਪਾ ਦੀ ਅਵਨੀ ਸਿੰਘ ਨੂੰ 5662 ਸੀਟਾਂ ਨਾਲ ਮਾਤ ਦਿਤੀ। ਆਰਐਲਡੀ ਨੇ 16ਵੀਂ ਲੋਕ ਸਭਾ ਵਿਚ ਅਪਣਾ ਖਾਤਾ ਵੀ ਖੋਲ੍ਹ ਲਿਆ ਹੈ। ਕੈਰਾਨਾ ਸੀਟ 'ਤੇ ਸਮਾਜਵਾਦੀ ਪਾਰਟੀ ਨੇ ਆਰਐਲਡੀ ਉਮੀਦਵਾਰ ਨੂੰ ਸਮਰਥਨ ਦਿਤਾ ਸੀ ਤੇ ਨੂਰਪੁਰ ਤੋਂ ਆਰਐਲਡੀ ਨੇ ਸਮਾਜਵਾਦੀ ਪਾਰਟੀ ਦਾ ਸਮਰਥਨ ਕੀਤਾ ਸੀ।
ਕਾਂਗਰਸ ਸਮੇਤ ਹੋਰ ਪਾਰਟੀਆਂ ਨੇ ਵੀ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਸਮਰਥਨ ਦਿਤਾ ਸੀ। ਕੈਰਾਨਾ ਸੀਟ ਭਾਜਪਾ ਸੰਸਦ ਮੈਂਬਰ ਹੁਕਮ ਸਿੰਘ ਦੇ ਦੇਹਾਂਤ ਮਗਰੋਂ ਖ਼ਾਲੀ ਹੋਈ ਸੀ। ਨੂਰਪੁਰ ਸੀਟ ਤੋਂ ਭਾਜਪਾ ਵਿਧਾਇਕ ਲੋਕੇਂਦਰ ਸਿੰਘ ਚੌਹਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।