
2 ਵਾਰ ਓਲੰਪਿਕ ਤਮਗਾ ਜਿੱਤ ਚੁੱਕੇ ਕੁਮਾਰ ਇਸ ਤੋਂ ਪਹਿਲਾਂ ਕਰੀਬ 3 ਹਫ਼ਤਿਆਂ ਤੱਕ ਫ਼ਰਾਰ ਰਹੇ।
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਕਾਰੋਬਾਰੀ ਨਵਨੀਤ ਕਾਲਰਾ ਦੇ ਹਥਿਆਰ ਲਾਈਸੈਂਸ ਮੁਅੱਤਲ ਕਰ ਦਿੱਤੇ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਲਾਈਸੈਂਸ ਸੋਮਵਾਰ ਨੂੰ ਮੁਅੱਤਲ ਕਰ ਦਿੱਤੇ ਗਏ ਸਨ ਅਤੇ ਪੁਲਿਸ ਉਨ੍ਹਾਂ ਨੂੰ ਰੱਦ ਕਰਨ ਦੀ ਕਾਰਵਾਈ ਕਰ ਰਹੀ ਹੈ।
Sushil Kumar
ਸੰਯੁਕਤ ਪੁਲਿਸ ਕਮਿਸ਼ਨਰ ਓਪੀ ਮਿਸ਼ਰਾ ਨੇ ਕਿਹਾ, ‘ਅਸੀਂ ਕੁਮਾਰ ਅਤੇ ਕਾਲਰਾ ਦੇ ਹਥਿਆਰ ਲਾਈਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਹਨ। ਉਨ੍ਹਾਂ ਵੱਲੋਂ ਲਾਈਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਹ ਦੱਸਣ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਲਾਈਸੈਂਸ ਰੱਦ ਕਿਉਂ ਨਹੀਂ ਕੀਤੇ ਜਾਣੇ ਚਾਹੀਦੇ।’ ਮਿਸ਼ਰਾ ਨੇ ਕਿਹਾ, ‘ਅਸੀਂ ਉਨ੍ਹਾਂ ਖ਼ਿਲਾਫ਼ ਹਾਲ ਹੀ ਵਿਚ ਦਰਜ ਅਪਰਾਧਕ ਮਾਮਲਿਆਂ ਵਿਚ ਸਬੰਧਤ ਜਾਂਚ ਏਜੰਸੀ ਅਤੇ ਸਥਾਨਕ ਪੁਲਿਸ ਦੀ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ।’
Navneet Kalra
ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਥੇ ਛਤਰਸਾਲ ਸਟੇਡੀਅਮ ਵਿਚ 4 ਅਤੇ 5 ਮਈ ਦੀ ਦਰਮਿਆਨੀ ਰਾਤ ਨੂੰ ਪਹਿਲਵਾਨ ਸਾਗਰ ਧਨਖੜ ਅਤੇ ਉਸ ਦੇ 2 ਦੋਸਤਾਂ ਸੋਨੂੰ ਅਤੇ ਅਮਿਤ ਕੁਮਾਰ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਸੀ। ਬਾਅਦ ਵਿਚ ਸੱਟਾਂ ਕਾਰਨ ਸਾਗਰ ਦੀ ਮੌਤ ਹੋ ਗਈ ਸੀ। ਕੁਮਾਰ ਨੂੰ ਸਹਿ-ਦੋਸ਼ੀ ਅਜੇ ਨਾਲ 23 ਮਈ ਨੂੰ ਬਾਹਰੀ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
2 ਵਾਰ ਓਲੰਪਿਕ ਤਮਗਾ ਜਿੱਤ ਚੁੱਕੇ ਕੁਮਾਰ ਇਸ ਤੋਂ ਪਹਿਲਾਂ ਕਰੀਬ 3 ਹਫ਼ਤਿਆਂ ਤੱਕ ਫ਼ਰਾਰ ਰਹੇ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦਿੱਲੀ ਪੁਲਿਸ ਨੇ ਆਕਸੀਜਨ ਕੰਸਨਟ੍ਰੇਟਰ ਕਾਲਾ ਬਜ਼ਾਰੀ ਮਾਮਲੇ ਵਿਚ ਕਾਲਰਾ ਨੂੰ ਗ੍ਰਿਫ਼ਤਾਰ ਕੀਤਾ ਸੀ।