
ਭਾਰਤ ਵਿਚ ਕੋਵਿਡ-19 ਦੇ ਇਕ ਦਿਨ ਵਿਚ 18522 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਲਾਗ ਦੇ ਮਾਮਲੇ ਮੰਗਲਵਾਰ ਨੂੰ ਵੱਧ ਕੇ 566840 ਹੋ ਗਏ
ਨਵੀਂ ਦਿੱਲੀ, 30 ਜੂਨ : ਭਾਰਤ ਵਿਚ ਕੋਵਿਡ-19 ਦੇ ਇਕ ਦਿਨ ਵਿਚ 18522 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਲਾਗ ਦੇ ਮਾਮਲੇ ਮੰਗਲਵਾਰ ਨੂੰ ਵੱਧ ਕੇ 566840 ਹੋ ਗਏ ਜਿਨ੍ਹਾਂ ਵਿਚੋਂ 418 ਹੋਰ ਲੋਕਾਂ ਦੀ ਜਾਨ ਜਾਨ ਮਗਰੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16893 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸਵੇਰੇ ਅੱਠ ਵਜੇ ਤਕ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਤਾਮਿਲਨਾਡੂ ਵਿਚ ਪਿਛਲੇ 24 ਘੰਟਿਆਂ ਵਿਚ ਲਗਭਗ ਚਾਰ ਹਜ਼ਾਰ ਮਾਮਲੇ ਸਾਹਮਣੇ ਆਉਣ ਮਗਰੋਂ ਰਾਜ ਵਿਚ ਇਸ ਮਾਰੂ ਬੀਮਾਰੀ ਦੇ ਮਾਮਲੇ ਹੁਣ ਦਿੱਲੀ ਨਾਲੋਂ ਜ਼ਿਆਦਾ ਹੋ ਗਏ ਹਨ।
ਉਧਰ, ਕਰਨਾਟਕ ਵਿਚ 1100 ਤੋਂ ਵੱਧ ਮਾਮਲੇ ਸਾਹਮਣੇ ਆਉਣ ਮਗਰੋਂ ਉਥੇ ਵੀ ਲਾਗ ਦੇ ਮਾਮਲੇ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਨਾਲੋਂ ਜ਼ਿਆਦਾ ਹੋ ਗਏ ਹਨ। ਮਹਾਰਾਸ਼ਟਰ ਵਿਚ ਇਕ ਦਿਨ ਵਿਚ ਸੱਭ ਤੋਂ ਜ਼ਿਆਦਾ 5200 ਤੋਂ ਵੱਧ ਮਾਮਲੇ ਸਾਹਮਣੇ ਆਉਣ ਮਗਰੋਂ ਉਹ ਕੋਵਿਡ-19 ਲਾਗ ਦੇ ਮਾਮਲਿਆਂ ਦੀ ਸੂਚੀ ਵਿਚ ਸਿਖਰ 'ਤੇ ਹੈ। ਇਸ ਦੌਰਾਨ ਦਿੱਲੀ ਵਿਚ 2084 ਮਾਮਲੇ ਸਾਹਮਣੇ ਆਏ। ਦੇਸ਼ ਵਿਚ 215125 ਲੋਕਾਂ ਦਾ ਇਲਾਜ ਜਾਰੀ ਹੈ ਅਤੇ 334821 ਲੋਕ ਠੀਕ ਹੋ ਚੁਕੇ ਹਨ।
Corona virus
ਇਕ ਮਰੀਜ਼ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 59.07 ਫ਼ੀ ਸਦੀ ਹੈ। ਕੁਲ ਪੁਸ਼ਟ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਦੇਸ਼ ਵਿਚ ਲਗਾਤਾਰ ਸਤਵੇਂ ਦਿਨ 15000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਜੂਨ ਤੋਂ ਹਾਲੇ ਤਕ 376305 ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 29 ਜੂਨ ਤਕ ਦੇਸ਼ ਵਿਚ ਕੁਲ 8608654 ਲੋਕਾਂ ਦੀ ਕੋਵਿਡ-19 ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 210292 ਲੋਕਾਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ।
ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜਿਹੜੇ 418 ਲੋਕਾਂ ਦੀ ਜਾਨ ਗਈ, ਉਨ੍ਹਾਂ ਵਿਚੋਂ ਸੱਭ ਤੋਂ ਵੱਧ 181 ਲੋਕ ਮਹਾਰਾਸ਼ਟਰ ਦੇ ਹਨ। ਤਾਮਿਲਨਾਡੂ ਵਿਚ 62, ਦਿੱਲੀ ਵਿਚ 57, ਗੁਜਰਾਤ ਤੇ ਕਰਨਾਟਕ ਵਿਚ 19-19, ਪਛਮੀ ਬੰਗਾਲ ਵਿਚ 14, ਯੂਪੀ ਵਿਚ 12, ਆਂਧਰਾ ਪ੍ਰਦੇਸ਼ ਵਿਚ 11, ਹਰਿਆਣਾ ਵਿਚ ਨੌਂ, ਮੱਧ ਪ੍ਰਦੇਸ਼ ਵਿਚ ਸੱਤ, ਰਾਜਸਥਾਨ ਅਤੇ ਤੇਲੰਗਾਨਾ ਵਿਚ ਛੇ ਛੇ, ਪੰਜਾਬ ਵਿਚ ਪੰਜ, ਝਾਰਖੰਡ ਵਿਚ ਤਿੰਨ, ਬਿਹਾਰ ਅਤੇ ਉੜੀਸਾ ਵਿਚ ਦੋ ਦੋ ਅਤੇ ਆਸਾਮ, ਜੰਮੂ ਕਸ਼ਮੀਰ ਤੇ ਉਤਰਾਖੰਡ ਵਿਚ ਇਕ ਇਕ ਵਿਅਕਤੀ ਦੀ ਜਾਨ ਗਈ ਹੈ। (ਏਜੰਸੀ)