
ਪੰਜਾਬ ਦਾ ਰਹਿਣ ਵਾਲਾ ਸੀ ਮ੍ਰਿਤਕ
Punjab News : ਬਿਹਾਰ ਦੇ ਸੀਤਾਮੜੀ 'ਚ ਐਤਵਾਰ ਨੂੰ SSB ਦੇ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜ਼ਿਲ੍ਹੇ ਦੇ ਬੈਰਾਗਨੀਆ ਵਿਖੇ ਭਾਰਤ-ਨੇਪਾਲ ਸਰਹੱਦ 'ਤੇ ਐਸਐਸਬੀ ਕੈਂਪ ਵਿੱਚ ਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਲਈ। ਗੋਲੀ ਉਸ ਦੀ ਗਰਦਨ ਵਿੱਚ ਲੱਗੀ।
ਇਸ ਘਟਨਾ ਤੋਂ ਬਾਅਦ ਕੈਂਪ 'ਚ ਮੌਜੂਦ ਜਵਾਨਾਂ ਨੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਜਵਾਨ ਦੀ ਮੌਤ ਤੋਂ ਬਾਅਦ ਐੱਸਐੱਸਬੀ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੀਤਾਮੜੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦਾ ਰਹਿਣ ਵਾਲਾ ਸੀ ਮ੍ਰਿਤਕ
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ, ਜਿੱਥੋਂ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਐੱਸਐੱਸਬੀ ਦੀ 20ਵੀਂ ਵਾਹਿਨੀ , ਸੀਤਾਮੜੀ ਦੇ ਦਫ਼ਤਰ 'ਚ ਰਖਵਾਇਆ ਗਿਆ ਹੈ। ਲਾਸ਼ ਨੂੰ ਉਸ ਦੇ ਘਰ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਮੁਕੇਰੀਆ ਥਾਣਾ ਖੇਤਰ ਦੇ ਪਿੰਡ ਢਾਲ ਦਾ ਵਸਨੀਕ ਸੀ।
20ਵੀਂ ਬਟਾਲੀਅਨ ਵਿੱਚ ਤਾਇਨਾਤ ਸੀ ਜਵਾਨ
ਮ੍ਰਿਤਕ ਜਵਾਨ 20ਵੀਂ ਬਟਾਲੀਅਨ ਵਿੱਚ ਤਾਇਨਾਤ ਸੀ। ਸਥਾਨਕ ਪੁਲਿਸ ਅਤੇ ਐਸਐਸਬੀ ਦੀ ਦੇਖਰੇਖ 'ਚ ਜਵਾਨ ਦਾ ਪੋਸਟ ਮਾਰਟਮ ਕਰਵਾਇਆ ਗਿਆ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਥਾਣਾ ਸਦਰ ਦੇ ਮੁਖੀ ਕੁੰਦਨ ਕੁਮਾਰ ਨੇ ਦੱਸਿਆ ਕਿ ਡੀਐਸਪੀ ਦੀ ਅਗਵਾਈ ਹੇਠ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੈਂਪ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਭੇਜ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।