
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦਾਂ ਵਿਚ ਰਹਿੰਦੇ ਹਨ ਪਰ ਇਸ ਵਾਰ ਉਹ ਨਹੀਂ..............
ਮੇਰਠ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦਾਂ ਵਿਚ ਰਹਿੰਦੇ ਹਨ ਪਰ ਇਸ ਵਾਰ ਉਹ ਨਹੀਂ, ਬਲਕਿ ਉਨ੍ਹਾਂ ਦੀ ਕਥਿਤ ਬਾਇਓਪਿਕ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਫਿਲਮ ਦਾ ਪੋਸਟਰ ਰਿਲੀਜ਼ ਹੋਇਆ। ਮੇਰਠ ਵਿਚ ਭਾਜਪਾ ਵਿਧਾਇਕ ਸੋਮੇਂਦਰ ਤੋਮਰ ਨੇ ਮੈਡੀਕਲ ਥਾਣੇ ਵਿਚ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਦੇ ਵਿਰੁਧ ਮੁਕੱਦਮਾ ਦਰਜ ਕਰਵਾÎਇਆ ਹੈ। ਐਸਐਸਪੀ ਦੇ ਆਦੇਸ਼ 'ਤੇ ਨਿਰਦੇਸ਼ਕ ਨੂੰ ਨਾਮਜ਼ਦ ਕਰਦੇ ਹੋਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਵਿਚ ਐਫਆਈਆਰ ਦਰਜ ਕੀਤੀ ਗਈ ਹੈ।
ਜ਼ਿਲ੍ਹਾ ਗੋਰਖ਼ਪੁਰ ਨਾਮ ਤੋਂ ਇਕ ਫਿਲਮ ਦਾ ਪੋਸਟਰ ਸੋਮਵਾਰ ਨੂੰ ਰਿਲੀਜ਼ ਕੀਤਾ ਗਿਆ। ਇਸ ਪੋਸਟਰ ਵਿਚ ਇਕ ਵਿਅਕਤੀ ਨੂੰ ਭਗਵਾ ਕੱਪੜੇ ਪਹਿਨੇ ਅਤੇ ਹੱਥ ਵਿਚ ਰਿਵਾਲਵਰ ਫੜੀ ਦਿਖਾਇਆ ਗਿਆ ਹੈ। ਕੋਲ ਹੀ ਇਕ ਗਾਂ ਵੀ ਖੜ੍ਹੀ ਦਿਖਾਈ ਗਈ ਹੈ। ਸਾਹਮਣੇ ਮੰਦਰ ਹੈ। ਇਸ ਪੋਸਟਰ ਦੇ ਰਿਲੀਜ਼ ਹੁੰਦੇ ਹੀ ਵਿਵਾਦ ਸ਼ੁਰੂ ਹੋ ਗਿਆ। ਇਸ ਮਾਮਲੇ ਵਿਚ ਮੇਰਠ ਦੇ ਦੱਖਣ ਤੋਂ ਭਾਜਪਾ ਵਿਧਾਇਕ ਸੋਮੇਂਦਰ ਤੋਮਰ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਇਕ ਬਿਆਨ ਐਸਐਸਪੀ ਮੇਰਠ ਨੂੰ ਦਿਤਾ। ਬਿਆਨ ਵਿਚ ਦੋਸ਼ ਲਗਾਇਆ ਗਿਆ ਕਿ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਹੈ।
ਜਿਸ ਤਰ੍ਹਾਂ ਨਾਲ ਪੋਸਟਰ ਨੂੰ ਦਿਖਾਇਆ ਗਿਆ ਹੈ, ਉਸ ਨਾਲ ਸਮਾਜ ਵਿਚ ਗ਼ਲਤ ਸੰਦੇਸ਼ ਜਾਂਦਾ ਹੈ। ਪੋਸਟਰ ਨਾਲ ਸਮਾਜ ਨੂੰ ਵੰਡਣ ਅਤੇ ਹਿੰਦੂਤਵ ਨੂੰ ਲੈ ਕੇ ਗ਼ਲਤ ਸੰਦੇਸ਼ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਬਿਆਨ 'ਤੇ ਐਸਐਸਪੀ ਨੇ ਮੁਕੱਦਮਾ ਦਰਜ ਕਰਨ ਦਾ ਆਦੇਸ਼ ਦਿਤਾ। ਇਸ ਤੋਂ ਬਾਅਦ ਰਾਤ ਨੂੰ ਹੀ ਮੈਡੀਕਲ ਥਾਣੇ ਵਿਚ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਵਿਨੋਦ ਤੀਵਾਰੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ।
ਉਥੇ ਹੀ , ਦੂਜੇ ਪਾਸੇ ਫਿਲਮ ਦੇ ਡਾਇਰੈਕਟਰ ਵਿਨੋਦ ਤੀਵਾਰੀ ਨੇ ਸੋਸ਼ਲ ਮੀਡਿਆ ਉੱਤੇ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਇਸ ਫਿਲਮ ਨੂੰ ਨਹੀਂ ਬਣਾਉਣਗੇ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਨੂੰ ਗਲਤ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ ਜਦੋਂ ਕਿ ਅਜਿਹਾ ਕੁੱਝ ਨਹੀਂ ਹੈ। (ਏਜੰਸੀਆਂ)