
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਖਰਚਾ ਨਿਕਲ ਆਇਆ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਖਰਚਾ ਨਿਕਲ ਆਇਆ ਹੈ। ਇਕ ਟਵੀਟ ਨੂੰ ਰੀਟਵੀਟ ਕਰਦਿਆਂ ਉਹਨਾਂ ਦੱਸਿਆ ਕਿ ਕਿਵੇਂ ਉਹ ਮੁਫ਼ਤ ਬਿਜਲੀ ਦੇ ਵਾਅਦੇ ਨੂੰ ਪੂਰਾ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀਆਂ ਨੂੰ ਵੀ ਜਵਾਬ ਦਿੱਤਾ ਹੈ।
ਅਰਵਿੰਦ ਕੇਜਰੀਵਾਲ ਨੇ ਲਿਖਿਆ, “ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਪੂਰੇ ਸਾਲ ਦਾ ਖਰਚਾ ਨਿਕਲ ਆਇਆ। ਪਾਰਟੀਆਂ ਅਤੇ ਆਗੂ ਪੁੱਛ ਰਹੇ ਸਨ ਕਿ ਪੈਸਾ ਕਿੱਥੋਂ ਆਵੇਗਾ, ਸਰਕਾਰ ਘਾਟੇ ’ਚ ਜਾਵੇਗੀ। ਇਮਾਨਦਾਰੀ ਨਾਲ ਕੰਮ ਕਰੀਏ ਤਾਂ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ। ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇ ਕੇ ਨਹੀਂ ਸਗੋਂ ਭ੍ਰਿਸ਼ਟਾਚਾਰ ਕਰਕੇ ਘਾਟੇ ਵਿਚ ਜਾਂਦੀਆਂ ਹਨ”।
ਦਰਅਸਲ ‘ਆਪ’ ਆਗੂ ਅਨੁਰਾਗ ਢਾਂਡਾ ਨੇ ਟਵੀਟ ਕੀਤਾ, “ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦਾ ਅਸਰ ਦੇਖੋ। ਪਿਛਲੇ ਸਾਲ ਪਹਿਲੀ ਤਿਮਾਹੀ ਵਿਚ 15000 ਕਰੋੜ ਟੈਕਸ ਮਿਲਿਆ ਸੀ ਸਰਕਾਰ ਨੂੰ, ਇਸ ਵਾਰ 21000 ਕਰੋੜ ਦਾ ਟੈਕਸ ਮਿਲਿਆ। ਇਮਾਨਦਾਰ ਸਿਆਸਤ ਹੀ ਭਵਿੱਖ ਹੈ, ਪੈਸੇ ਦੀ ਕੋਈ ਕਮੀ ਨਹੀਂ ਹੈ ਸਰਕਾਰ ਵਿਚ”। ਇਸ ਟਵੀਟ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਲਿਖਿਆ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇ ਕੇ ਨਹੀਂ ਸਗੋਂ ਭ੍ਰਿਸ਼ਟਾਚਾਰ ਕਰਕੇ ਘਾਟੇ ਵਿਚ ਜਾਂਦੀਆਂ ਹਨ।