
ਹੁਣ 42 ਹਜ਼ਾਰ ਕਰੋੜ ਰੁਪਏ ਦੇ ਨੋਟ ਚਲਨ 'ਚ ਬਾਕੀ
ਨਵੀਂ ਦਿੱਲੀ : RBI ਨੇ ਅੱਜ ਦੱਸਿਆ ਹੈ ਕਿ 31 ਜੁਲਾਈ 2023 ਤੱਕ 2000 ਰੁਪਏ ਦੇ ਕੁੱਲ ਨੋਟਾਂ 'ਚੋਂ 88 ਫੀਸਦੀ ਨੋਟ ਬੈਂਕਿੰਗ ਸਿਸਟਮ 'ਚ ਵਾਪਸ ਆ ਚੁੱਕੇ ਹਨ। ਆਰਬੀਆਈ ਦੇ ਅਨੁਸਾਰ, 19 ਮਈ, 2023 ਤੱਕ 3.56 ਲੱਖ ਕਰੋੜ ਰੁਪਏ ਦੇ ਕੁੱਲ 2,000 ਰੁਪਏ ਦੇ ਨੋਟ ਪ੍ਰਚਲਨ ਵਿਚ ਸਨ ਅਤੇ 31 ਜੁਲਾਈ, 2023 ਤੱਕ 3.14 ਲੱਖ ਕਰੋੜ ਰੁਪਏ ਦੇ 2000 ਦੇ ਨੋਟ ਬੈਂਕਾਂ ਵਿਚ ਵਾਪਸ ਆ ਚੁੱਕੇ ਹਨ। ਹੁਣ ਸਿਰਫ਼ 42000 ਕਰੋੜ ਰੁਪਏ ਦੇ ਨੋਟ ਹੀ ਚਲਨ ਵਿਚ ਬਚੇ ਹਨ। 30 ਸਤੰਬਰ, 2023 2,000 ਰੁਪਏ ਦੇ ਨੋਟ ਜਮ੍ਹਾ ਕਰਨ ਜਾਂ ਬਦਲਣ ਦੀ ਆਖਰੀ ਮਿਤੀ ਹੈ।
RBI ਨੇ 2000 ਰੁਪਏ ਦੇ ਨੋਟਾਂ ਬਾਰੇ ਸਟੇਟਸ ਜਾਰੀ ਕੀਤਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ 19 ਮਈ 2023 ਨੂੰ ਆਰਬੀਆਈ ਨੇ 2,000 ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ। 31 ਮਾਰਚ, 2023 ਤੱਕ 2,000 ਰੁਪਏ ਦੇ ਨੋਟ ਸਰਕੂਲੇਸ਼ਨ ਵਿਚ ਕੁੱਲ 3.62 ਲੱਖ ਕਰੋੜ ਰੁਪਏ ਮੌਜੂਦ ਸਨ, ਜੋ ਕਿ 19 ਮਈ, 2023 ਤੱਕ ਘਟ ਕੇ 3.56 ਲੱਖ ਕਰੋੜ ਰੁਪਏ ਰਹਿ ਗਏ।
ਆਰਬੀਆਈ ਨੇ ਕਿਹਾ ਕਿ ਬੈਂਕਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, 31 ਜੁਲਾਈ 2023 ਤੱਕ, ਕੁੱਲ 3.14 ਲੱਖ ਕਰੋੜ ਰੁਪਏ ਦੇ ਨੋਟ ਸਰਕੂਲੇਸ਼ਨ ਤੋਂ ਬੈਂਕਿੰਗ ਪ੍ਰਣਾਲੀ ਵਿਚ ਵਾਪਸ ਆਏ ਹਨ। ਆਰਬੀਆਈ ਨੇ ਕਿਹਾ ਕਿ ਹੁਣ ਸਿਰਫ਼ 42,000 ਕਰੋੜ ਰੁਪਏ ਦੇ ਨੋਟ ਹੀ ਚਲਨ ਵਿਚ ਬਚੇ ਹਨ। ਅਜਿਹੇ 'ਚ 19 ਮਈ 2023 ਨੂੰ ਆਰਬੀਆਈ ਦੇ 2,000 ਰੁਪਏ ਦੇ ਨੋਟ ਵਾਪਸ ਲੈਣ ਦੇ ਐਲਾਨ ਤੋਂ ਬਾਅਦ 88 ਫੀਸਦੀ ਨੋਟ ਵਾਪਸ ਆ ਚੁੱਕੇ ਹਨ।
ਆਰਬੀਆਈ ਨੇ ਕਿਹਾ ਕਿ ਵਾਪਸ ਆਏ 2,000 ਰੁਪਏ ਦੇ ਨੋਟਾਂ ਵਿਚੋਂ 87 ਫ਼ੀਸਦੀ ਬੈਂਕ ਖਾਤਿਆਂ ਵਿਚ ਜਮ੍ਹਾ ਹਨ, ਜਦੋਂ ਕਿ 2,000 ਰੁਪਏ ਦੇ 13 ਫ਼ੀਸਦੀ ਨੋਟਾਂ ਨੂੰ ਦੂਜੇ ਨੋਟਾਂ ਨਾਲ ਬਦਲਿਆ ਗਿਆ ਹੈ।