
ਸਚਿਨ ਫਰਜ਼ੀ ਪਾਸਪੋਰਟ ਇਸ ਇਸਤੇਮਾਲ ਕਰ ਕੇ ਦੇਸ਼ ਤੋਂ ਭੱਜ ਗਿਆ ਸੀ।
ਨਵੀਂ ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ਨਾਲ ਜੁੜੇ ਇਕ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਦਿੱਲੀ ਪੁਲਿਸ ਵਲੋਂ ਭਾਰਤ ਲਿਆਂਦਾ ਗਿਆ ਹੈ।
ਸਚਿਨ ਬਿਸ਼ਨੋਈ, ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਤੀਜਾ ਹੈ। ਦਿੱਲੀ ਪੁਲਿਸ ਦੀ ਇੱਕ ਟੀਮ ਅਜ਼ਰਬਾਈਜਾਨ ਤੋਂ ਇਸ ਗੈਂਗਸਟਰ ਨੂੰ ਭਾਰਤ ਲਿਆਈ ਗਿਆ ਹੈ।
ਉਹ ਪਿਛਲੇ ਸਾਲ ਮਈ 'ਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਰਾਰ ਹੋ ਗਿਆ ਸੀ। ਸਚਿਨ ਫਰਜ਼ੀ ਪਾਸਪੋਰਟ ਇਸ ਇਸਤੇਮਾਲ ਕਰ ਕੇ ਦੇਸ਼ ਤੋਂ ਭੱਜ ਗਿਆ ਸੀ।
ਸਚਿਨ ਬਿਸ਼ਨੋਈ ਨੂੰ ਹਾਲ ਹੀ ਵਿਚ ਅਜ਼ਰਬਾਈਜਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਚਿਨ ਬਿਸ਼ਨੋਈ ਭਾਰਤ ਵਿਚ ਰਹਿੰਦਿਆਂ ਕਈ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਸੀ। ਉਸ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਉਣ ਦੀ ਯੋਜਨਾ ਬਣਾਈ ਸੀ। ਸਚਿਨ ਦੇ ਭਾਰਤ ਆਉਂਦੇ ਹੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।
ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਹੋਇਆ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੇਂਸ ਬਿਸ਼ਨੋਈ ਦਾ ਬੇਹੱਦ ਕਰੀਬੀ ਗੈਂਗਸਟਰ ਸਚਿਨ ਬਿਸ਼ਨੋਈ ਕਤਲ ਤੋਂ ਪਹਿਲਾਂ 21 ਅਪ੍ਰੈਲ 2022 ਤੱਕ ਭਾਰਤ ਵਿਚ ਸੀ।
ਇਸ ਤੋਂ ਬਾਅਦ ਉਹ ਫਰਜ਼ੀ ਨਾਂ 'ਤੇ ਪਾਸਪੋਰਟ ਬਣਵਾ ਕੇ ਭਾਰਤ ਤੋਂ ਭੱਜ ਗਿਆ। ਸਚਿਨ ਬਿਸ਼ਨੋਈ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇਕ ਪਤੇ 'ਤੇ ਬਣਿਆ ਸੀ। ਇਸ ਫਰਜ਼ੀ ਪਾਸਪੋਰਟ 'ਤੇ ਸਚਿਨ ਬਿਸ਼ਨੋਈ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ।
ਦਿੱਲੀ ਪੁਲਿਸ ਮੁਤਾਬਕ, ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਸਚਿਨ ਕੈਨੇਡਾ ਵਿਚ ਗੈਂਗ ਚਲਾ ਰਹੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਤਿਹਾੜ ਜੇਲ ਵਿਚ ਬੰਦ ਕਾਲਾ ਜਠੇੜੀ ਅਤੇ ਲਾਰੈਂਸ ਬਿਸ਼ਨੋਈ ਵਿਚ ਕੋਡ ਵਰਡ ਨਾਲ ਗੱਲਬਾਤ ਕਰ ਕੇ ਮੂਸੇਵਾਲਾ ਦੀ ਹੱਤਿਆ ਦੀ ਸਾਜਿਸ਼ ਰਚੀ ਸੀ।
ਪੁਲਿਸ ਤੇ ਖੁਫ਼ੀਆਂ ਏਜੰਸੀਆਂ ਨੂੰ ਸ਼ੱਕ ਨਾ ਹੋਵੇ, ਇਸ ਲਈ ਸਚਿਨ ਗੈਂਗਸਟਰ ਗੋਲਡੀ ਬਰਾੜ ਨਾਲ ਫੋਨ ਉੱਤੇ ਗੱਲ ਕਰਨ ਦੌਰਾਨ ਉਸ ਨੂੰ ‘ਡਾਕਟਰ’ ਬੁਲਾਉਂਦਾ ਸੀ। ਇਸੀ ਤਰ੍ਹਾਂ ਗੈਂਗਸਟਰ ਕਾਲਾ ਜਠੇੜੀ ਨੂੰ ਉਹ ‘ਅਲਫਾ’ ਕਹਿੰਦਾ ਸੀ। ਅਪਣੇ ਗੁਰਗਿਆਂ ਜ਼ਰੀਏ ਉਹ ਲਾਰੈਂਸ ਨਾਲ ਗੱਲਬਾਤ ਕਰਦਾ ਸੀ।
ਸਚਿਨ ਬਿਸ਼ਨੋਈ ਸਿੱਧੂ ਦੇ ਕਤਲ ਤੋਂ ਬਾਅਦ ਅਜ਼ਰਬਾਈਜਾਨ ਚਲਿਆ ਗਿਆ ਸੀ। ਸਚਿਨ ਨੇ ਸ਼ੂਟਰਾਂ ਨੂੰ ਬਲੈਰੋ ਗੱਡੀ ਮੁਹੱਈਆ ਕਰਵਾਈ ਸੀ।
ਪੁਲਿਸ ਨੇ ਦਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੇ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਪ੍ਰਿਆਵਰਤ, ਅੰਕਿਤ ਸਿਰਸਾ, ਕੁਲਦੀਪ ਕਸ਼ਿਸ਼ ਤੇ ਰੇਕੀ ਕਰਨ ਵਾਲੇ ਕੇਸ਼ਵ ਨੂੰ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਸਾਂਝੇ ਆਪ੍ਰੇਸ਼ਨ ਤਹਿਤ ਦੀਪਕ ਮੁੰਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੰਜਾਬ ਅਤੇ ਦਿੱਲੀ ਪੁਲਿਸ ਨੂੰ ਗੁੰਮਰਾਹ ਕਰਨ ਲਈ ਸਚਿਨ ਨੇ ਖੁਦ ਹੀ ਸੋਸ਼ਲ ਮੀਡੀਆ 'ਤੇ ਇਹ ਅਫਵਾਹ ਫੈਲਾ ਦਿਤੀ ਕਿ ਉਸ ਨੇ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰ ਦਿਤੀ ਹੈ। ਜਦਕਿ ਉਹ ਇਸ ਕਤਲੇਆਮ ਤੋਂ ਪਹਿਲਾਂ ਹੀ 21 ਅਪ੍ਰੈਲ 2022 ਨੂੰ ਵਿਦੇਸ਼ ਭੱਜ ਗਿਆ ਸੀ। ਮਾਨਸਾ ਦੇ ਪਿੰਡ ਜਵਾਹਰਕੇ ਵਿਚ 29 ਮਈ 2022 ਦੀ ਸ਼ਾਮ ਨੂੰ 6 ਸ਼ੂਟਰਾਂ ਵਲੋਂ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ।
ਸਚਿਨ ਨੂੰ ਅੱਜ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸਚਿਨ ਥਾਪਰ ਵਿਰੁਧ ਵੱਖ-ਵੱਖ ਰਾਜਾਂ ਵਿਚ ਕੇਸ ਦਰਜ ਹਨ। ਮਾਨਸਾ ਵਿਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸਚਿਨ ਦੀ ਅਹਿਮ ਭੂਮਿਕਾ ਸੀ। ਕਤਲ ਤੋਂ ਕਰੀਬ 20 ਦਿਨ ਪਹਿਲਾਂ ਸਚਿਨ ਅਨਮੋਲ ਬਿਸ਼ਨੋਈ ਦੀ ਮਦਦ ਨਾਲ ਫਰਜ਼ੀ ਪਾਸਪੋਰਟ ਬਣਵਾ ਕੇ ਫਰਾਰ ਹੋ ਗਿਆ ਸੀ।
ਸਚਿਨ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਮੂਸੇਵਾਲਾ ਦੇ ਕਤਲੇਆਮ ਦੀ ਜ਼ਿੰਮੇਵਾਰੀ ਲਈ ਹੈ। ਸਚਿਨ ਨੇ ਵੀਡੀਓ ਕਾਲ 'ਤੇ ਦਾਅਵਾ ਕੀਤਾ ਸੀ ਕਿ ਉਸ ਨੇ ਮੂਸੇਵਾਲਾ ਨੂੰ ਮਾਰਿਆ ਸੀ।
ਜਿਸ ਤੋਂ ਬਾਅਦ ਪੁਲਿਸ ਟੀਮ ਹਰਕਤ ਵਿੱਚ ਆ ਗਈ। ਸਚਿਨ ਥਾਪਰ ਨੇ ਨਿਸ਼ਾਨੇਬਾਜ਼ਾਂ ਨੂੰ ਕਿਰਾਏ 'ਤੇ ਲਿਆ ਸੀ। ਉਸ ਦੇ ਨਾਲ ਇਸ ਕਤਲੇਆਮ 'ਚ ਹੋਰ ਕੌਣ-ਕੌਣ ਲੋਕ ਸ਼ਾਮਲ ਸਨ, ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।