
Kerala Wayanad Landslide: ਸੈਂਕੜੇ ਜ਼ਖ਼ਮੀ, 200 ਤੋਂ ਵੱਧ ਲੋਕ ਲਾਪਤਾ
Kerala Wayanad Landslide News: ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 250 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਬਚਾਅ ਮੁਲਾਜ਼ਮ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਵਾਇਨਾਡ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿਤੀ।
ਸੂਤਰਾਂ ਨੇ ਦਸਿਆ ਕਿ ਜ਼ਮੀਨ ਖਿਸਕਣ ਕਾਰਨ ਮੁੰਡਕਾਈ ਅਤੇ ਚੁਰਾਲਮਾਲਾ ਇਲਾਕਿਆਂ ’ਚ 200 ਤੋਂ ਵੱਧ ਲੋਕ ਲਾਪਤਾ ਹਨ ਅਤੇ 300 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਉਨ੍ਹਾਂ ਦਸਿਆ ਕਿ ਮ੍ਰਿਤਕਾਂ ਵਿਚੋਂ 75 ਦੀ ਪਛਾਣ ਕਰ ਲਈ ਗਈ ਹੈ ਅਤੇ 123 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ।
ਬਚਾਅ ਕਾਰਜਾਂ ਦੌਰਾਨ ਕਈ ਨੁਕਸਾਨੇ ਗਏ ਘਰਾਂ ਦੇ ਮਲਬੇ ਹੇਠਦੱਬੇ ਲਾਸ਼ਾਂ ਨੂੰ ਉਸੇ ਹਾਲਤ ’ਚ ਬਾਹਰ ਕਢਿਆ ਗਿਆ ਜਿਵੇਂ ਉਹ ਹਾਦਸੇ ਦੇ ਸਮੇਂ ਘਰ ’ਚ ਸਨ। ਬਚਾਅ ਕਰਮਚਾਰੀਆਂ ਨੇ ਨੁਕਸਾਨੇ ਗਏ ਘਰਾਂ ਵਿਚੋਂ ਕੁੱਝ ਲਾਸ਼ਾਂ ਨੂੰ ਬੈਠਣ ਅਤੇ ਲੇਟਣ ਦੀ ਸਥਿਤੀ ਵਿਚ ਬਾਹਰ ਕਢਿਆ, ਜੋ ਦਿਲ ਦਹਿਲਾ ਦੇਣ ਵਾਲਾ ਸੀ।
ਫੌਜ, ਸਮੁੰਦਰੀ ਫ਼ੌਜ ਅਤੇ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀਆਂ ਬਚਾਅ ਟੀਮਾਂ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਫੌਜ ਨੇ ਬੁਧਵਾਰ ਨੂੰ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਮੁੰਡਕਾਈ ਪਿੰਡ ਤੋਂ ਦੂਰ ਸਥਿਤ ਏਲਾ ਰਿਜ਼ੋਰਟ ਅਤੇ ਵਨ ਰਾਣੀ ਰਿਜੋਰਟ ’ਚ ਫਸੇ 19 ਨਾਗਰਿਕਾਂ ਨੂੰ ਬਚਾਇਆ। ਇਹ ਜ਼ਮੀਨ ਖਿਸਕਣ ਦੀ ਘਟਨਾ ਮੰਗਲਵਾਰ ਤੜਕੇ 2 ਵਜੇ ਤੋਂ 4 ਵਜੇ ਦੇ ਵਿਚਕਾਰ ਵਾਪਰੀ, ਜਿਸ ਕਾਰਨ ਲੋਕ ਅਪਣੀ ਜਾਨ ਬਚਾਉਣ ਦਾ ਮੌਕਾ ਨਾ ਮਿਲਣ ਕਾਰਨ ਅਪਣੇ ਘਰਾਂ ਦੇ ਅੰਦਰ ਸੌਂ ਰਹੇ ਸਨ। (ਪੀਟੀਆਈ)