
ਸਰਕਾਰ 'ਤੇ ਗ਼ਲਤ ਨੀਤੀਆਂ ਦੀ ਲਾਈਨ ਲਾਉਣ ਦਾ ਦੋਸ਼
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੀਡੀਪੀ ਵਿਕਾਸ ਦਰ ਵਿਚ ਭਾਰੀ ਕਮੀ ਕਾਰਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਦਾਅਵਾ ਕੀਤਾ ਕਿ ਅਰਥਵਿਵਸਥਾ ਦੀ ਬਰਬਾਦੀ ਨੋਟਬੰਦੀ ਤੋਂ ਸ਼ੁਰੂ ਹੋਈ ਸੀ ਅਤੇ ਉਸ ਤੋਂ ਬਾਅਦ ਤੋਂ ਇਕ ਮਗਰੋਂ ਇਕ ਗ਼ਲਤ ਨੀਤੀਆਂ ਬਣਾਈਆਂ ਗਈਆਂ।
Rahul Gandhi
ਉਨ੍ਹਾਂ ਟਵਿਟਰ 'ਤੇ ਕਿਹਾ, 'ਜੀਡੀਪੀ ਕਿਥੇ ਜਾ ਪਹੁੰਚੀ ਹੈ। ਦੇਸ਼ ਦੇ ਅਰਥਚਾਰੇ ਦੀ ਬਰਬਾਦੀ ਨੋਟਬੰਦੀ ਤੋਂ ਸ਼ੂਰੂ ਹੋਈ ਸੀ। ਤਦ ਤੋਂ ਸਰਕਾਰ ਨੇ ਇਕ ਤੋਂ ਬਾਅਦ ਇਕ ਗ਼ਲਤ ਨੀਤੀਆਂ ਦੀ ਲਾਈਨ ਲਾ ਦਿਤੀ।' ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਸਰਕਾਰ ਨੇ ਦੇਸ਼ ਦਾ ਅਰਥਚਾਰਾ ਡੁਬੋ ਦਿਤਾ ਹੈ।
PM Modi and Rahul Gandhi
ਉਨ੍ਹਾਂ ਕਿਹਾ, 'ਅੱਜ ਤੋਂ 6 ਮਹੀਨੇ ਪਹਿਲਾਂ ਰਾਹੁਲ ਗਾਂਧੀ ਨੇ ਆਰਥਕ ਸੁਨਾਮੀ ਆਉਣ ਦੀ ਗੱਲ ਕਹੀ ਸੀ। ਕੋਰੋਨਾ ਸੰਕਟ ਦੌਰਾਨ ਹਾਥੀ ਦੇ ਦੰਦ ਵਿਖਾਉਣ ਜਿਹਾ ਇਕ ਪੈਕੇਜ ਐਲਾਨਿਆ ਗਿਆ ਪਰ ਅੱਜ ਹਾਲਤ ਵੇਖੋ। ਭਾਜਪਾ ਸਰਕਾਰ ਨੇ ਅਰਥਚਾਰੇ ਨੂੰ ਡੁਬੋ ਦਿਤਾ।'
Randeep Surjewala
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, 'ਮੋਦੀ ਜੀ ਹੁਣ ਤਾਂ ਮੰਨ ਲਉ ਕਿ ਜਿਸ ਨੂੰ ਤੁਸੀਂ ਮਾਸਟਰਸਟਰੋਕ ਕਿਹਾ ਸੀ, ਅਸਲ ਵਿਚ ਉਹ ਡਿਜ਼ਾਸਟਰ ਸਟਰੋਕ ਸੀ ਨੋਟਬੰਦੀ, ਗ਼ਲਤ ਜੀਐਸਟੀ ਅਤੇ ਦੇਸ਼ਬੰਦੀ।' ਦੇਸ਼ ਦੀ ਅਰਥਵਿਵਸਥਾ ਵਿਚ ਚਾਲੂ ਵਿੱਤ ਵਰ੍ਹੇ 2020-21 ਦੀ ਅਪ੍ਰੈਲ-ਜੂਨ ਤਿਮਾਹੀ ਵਿਚ 23.9 ਫ਼ੀ ਸਦੀ ਦੀ ਭਾਰੀ ਗਿਰਾਵਟ ਆਈ ਹੈ।
Rahul Gandhi
ਕਾਬਲੇਗੌਰ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਂ ਸਮੇਂ 'ਤੇ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਉਠਾਉਂਦੇ ਰਹੇ ਹਨ। ਹੁਣ ਜਦੋਂ ਕਰੋਨਾ ਮਹਾਮਾਰੀ ਦਰਮਿਆਨ ਹਰ ਖੇਤਰ 'ਚ ਮੰਦੀ ਦਾ ਦੌਰ ਜਾਰੀ ਹੈ, ਅਤੇ ਦੇਸ਼ ਦੀ ਅਰਥ ਵਿਵਸਥਾ ਵੀ ਡਾਂਵਾਡੋਲ ਸਥਿਤੀ 'ਚ ਹੈ ਤਾਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ।