
5 ਬੱਚਿਆਂ ਸਮੇਤ 7 ਲੋਕ ਡੁੱਬੇ
ਗਾਜ਼ੀਪੁਰ: ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਕਿਸ਼ਤੀ ਹਾਦਸੇ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਜਿੱਥੇ ਦੋ ਦਰਜਨ ਲੋਕਾਂ ਨਾਲ ਭਰੀ ਕਿਸ਼ਤੀ ਗੰਗਾ ਨਦੀ 'ਚ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ ਕਿਸ਼ਤੀ ਵਿੱਚ ਸਵਾਰ 7 ਲੋਕ ਰੁੜ੍ਹ ਗਏ।
ਇਹ ਹਾਦਸਾ ਰੇਵਤੀਪੁਰ ਥਾਣਾ ਖੇਤਰ ਦੇ ਅੱਠਹਠਾ ਪਿੰਡ 'ਚ ਹੋਇਆ। ਗੰਗਾ 'ਚ ਡੁੱਬੇ 2 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਪਾਣੀ 'ਚ ਡੁੱਬਣ ਵਾਲੇ 5 ਬੱਚਿਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। 5 ਬੱਚਿਆਂ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ 'ਚ ਸਵਾਰ ਲੋਕ ਪਸ਼ੂਆਂ ਲਈ ਚਾਰਾ ਲੈ ਕੇ ਜਾ ਰਹੇ ਸਨ, ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ।
ਜਾਣਕਾਰੀ ਅਨੁਸਾਰ ਸੇਵਰਾਈ ਤਹਿਸੀਲ ਦੇ ਪਿੰਡ ਅੱਠਹਠਾ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਆਵਾਜਾਈ ਲਈ ਪ੍ਰਸ਼ਾਸਨ ਵੱਲੋਂ ਡੀਜ਼ਲ ਇੰਜਣ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਸੀ। ਬੁੱਧਵਾਰ ਸ਼ਾਮ 5 ਵਜੇ ਦੇ ਕਰੀਬ ਦੋ ਦਰਜਨ ਲੋਕਾਂ ਨੂੰ ਲੈ ਕੇ ਕਿਸ਼ਤੀ ਆਪਣੀ ਮੰਜ਼ਿਲ ਵੱਲ ਜਾ ਰਹੀ ਸੀ ਕਿ ਕੁਝ ਦੂਰ ਜਾਣ ਤੋਂ ਬਾਅਦ ਅਚਾਨਕ ਰਫਤਾਰ ਘੱਟ ਗਈ, ਜਿਸ ਕਾਰਨ ਕਿਸ਼ਤੀ ਗੰਗਾ ਦੇ ਵਿਚਕਾਰ ਡੂੰਘੇ ਪਾਣੀ 'ਚ ਪਲਟ ਗਈ। ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਇਕੱਠੇ ਹੋ ਗਏ।