
31 ਅਗਸਤ 2024 ਤੱਕ ਹੋਵੇਗਾ ਕਾਰਜਕਾਲ
ਨਵੀਂ ਦਿੱਲੀ : ਸਰਕਾਰ ਨੇ ਵੀਰਵਾਰ ਨੂੰ ਜਯਾ ਵਰਮਾ ਸਿਨਹਾ ਨੂੰ ਰੇਲਵੇ ਬੋਰਡ ਦੀ ਪਹਿਲੀ ਮਹਿਲਾ ਸੀਈਓ ਅਤੇ ਚੇਅਰਪਰਸਨ ਨਿਯੁਕਤ ਕੀਤਾ। ਉਹ ਅਨਿਲ ਕੁਮਾਰ ਲਾਹੋਟੀ ਦੀ ਥਾਂ ਲੈਣਗੇ। ਰੇਲਵੇ ਬੋਰਡ ਰਾਸ਼ਟਰੀ ਟਰਾਂਸਪੋਰਟਰਾਂ ਲਈ ਫ਼ੈਸਲੇ ਲੈਣ ਵਾਲੀ ਮੁੱਖ ਸੰਸਥਾ ਹੈ। ਜਯਾ ਵਰਮਾ ਨੇ ਰੇਲਵੇ ਬੋਰਡ ਦੀ ਮੈਂਬਰ (ਸੰਚਾਲਨ ਅਤੇ ਵਪਾਰ ਵਿਕਾਸ) ਵਜੋਂ ਹਾਲ ਹੀ ਵਿਚ ਉੜੀਸਾ ਦੇ ਬਾਲਾਸੋਰ ਵਿਚ ਵਾਪਰੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਗੁੰਝਲਦਾਰ ਸਿਗਨਲ ਪ੍ਰਣਾਲੀ ਬਾਰੇ ਮੀਡੀਆ ਨੂੰ ਜਾਣਕਾਰੀ ਦਿਤੀ ਸੀ।
ਇਸ ਹਾਦਸੇ ’ਚ ਕਰੀਬ 300 ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਹੁਕਮ ਵਿਚ ਕਿਹਾ ਗਿਆ ਹੈ, “ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਜਯਾ ਵਰਮਾ ਸਿਨਹਾ, ਮੈਂਬਰ (ਸੰਚਾਲਨ ਅਤੇ ਕਾਰੋਬਾਰ ਵਿਕਾਸ) ਨੂੰ ਰੇਲਵੇ ਬੋਰਡ ਦੇ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਅਹੁਦੇ ’ਤੇ ਨਿਯੁਕਤੀ ਨੂੰ ਮਨਜ਼ੂਰੀ ਦੇ ਦਿਤੀ ਹੈ।’’ ਉਹ 1 ਸਤੰਬਰ ਨੂੰ ਜਾਂ ਇਸ ਤੋਂ ਬਾਅਦ ਅਹੁਦਾ ਸੰਭਾਲਣਗੇ ਅਤੇ ਉਨ੍ਹਾਂ ਦਾ ਕਾਰਜਕਾਲ 31 ਅਗੱਸਤ, 2024 ਤਕ ਹੋਵੇਗਾ।