2 ਅਤੇ 3 ਸਤੰਬਰ ਨੂੰ ਹੋਣ ਜਾ ਰਹੀ ਸੀ ਰਖਿਆ ਮੰਤਰੀ ਦੀ ਸ਼੍ਰੀਲੰਕਾ ਯਾਤਰਾ
ਨਵੀਂ ਦਿੱਲੀ: ਸ਼ੁਕਰਵਾਰ ਰਾਤ ਨੂੰ ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਰਖਿਆ ਮੰਤਰੀ ਰਾਜਨਾਥ ਸਿੰਘ ਦੀ 2 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਸ਼੍ਰੀਲੰਕਾ ਦੀ ਦੋ ਦਿਨਾਂ ਯਾਤਰਾ ਨੂੰ ਮੁਲਤਵੀ ਕਰ ਦਿਤਾ ਗਿਆ ਹੈ।
ਇਸ ਤੋਂ ਪਹਿਲਾਂ ਦਿਨ ’ਚ, ਰਖਿਆ ਮੰਤਰਾਲੇ ਨੇ ਇਕ ਪ੍ਰੈਸ ਬਿਆਨ ਜਾਰੀ ਕਰ ਕੇ ਰਾਜਨਾਥ ਸਿੰਘ ਦੀ 2 ਅਤੇ 3 ਸਤੰਬਰ ਨੂੰ ਸ਼੍ਰੀਲੰਕਾ ਯਾਤਰਾ ਦਾ ਐਲਾਨ ਕੀਤਾ ਸੀ ਅਤੇ ਯਾਤਰਾ ਦੇ ਵੱਖ-ਵੱਖ ਵੇਰਵੇ ਵੀ ਦਿਤੇ ਸਨ।
ਮੰਤਰਾਲੇ ਨੇ ਤਾਜ਼ਾ ਬਿਆਨ ’ਚ ਕਿਹਾ, ‘‘ਟਾਲੇ ਨਾ ਜਾ ਸਕਣ ਵਾਲੇ ਹਾਲਾਤ ਕਾਰਨ, ਰਖਿਆ ਮੰਤਰੀ ਰਾਜਨਾਥ ਸਿੰਘ ਦੀ ਸ਼੍ਰੀਲੰਕਾ ਯਾਤਰਾ ਨੂੰ ਬਾਅਦ ਦੀ ਤਰੀਕ ਤਕ ਮੁਲਤਵੀ ਕਰ ਦਿਤਾ ਗਿਆ ਹੈ।’’
ਇਸ ’ਚ ਕਿਹਾ ਗਿਆ ਹੈ, ‘‘ਰਾਜਨਾਥ ਸਿੰਘ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਮਜ਼ਬੂਤ ਦੁਵੱਲੇ ਸਹਿਯੋਗ ਲਈ ਵਚਨਬੱਧ ਹਨ। ਉਹ ਜਲਦੀ ਤੋਂ ਜਲਦੀ ਇਸ ਟਾਪੂ ਦੇਸ਼ ਦਾ ਦੌਰਾ ਕਰਨ ਦੀ ਉਮੀਦ ਰਖਦੇ ਹਨ।’’
ਇਸ ਤੋਂ ਪਹਿਲਾਂ ਦਿਨ ਵੇਲੇ ਸਰਕਾਰ ਨੇ ਕਿਹਾ ਸੀ ਕਿ ਪੰਜ ਦਹਾਕਿਆਂ ’ਚ ਕਿਸੇ ਭਾਰਤੀ ਰਖਿਆ ਮੰਤਰੀ ਦੀ ਇਹ ਪਹਿਲੀ ਸ਼੍ਰੀਲੰਕਾ ਯਾਤਰਾ ਹੋਵੇਗੀ। ਰਾਜਨਾਥ ਸਿੰਘ ਦੀ ਯਾਤਰਾ ਤੋਂ ਇਕ ਦਿਨ ਪਹਿਲਾਂ ਭਾਰਤੀ ਸਮੁੰਦਰੀ ਫ਼ੌਜ ਦਾ ਪਹਿਲਾ ਦੇਸ਼ ਅੰਦਰ ਬਣਿਆ ਮਿਸਾਇਲ ਨਾਸ਼ਕ ਸਮੁੰਦਰੀ ਬੇੜਾ ‘ਆਈ.ਐਨ.ਐੱਸ. ਦਿੱਲੀ' ਕੋਲੰਬੋ ਪੁੱਜਾ ਅਤੇ ਕਿਹਾ ਗਿਆ ਸੀ ਕਿ ਭਾਰਤੀ ਰਖਿਆ ਮੰਤਰੀ ਸ਼ਨਿਚਰਵਾਰ ਨੂੰ ਇਸ ’ਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਣਿਲ ਵਿਕਰਮਸਿੰਘੇ ਨਾਲ ਗੱਲਬਾਤ ਕਰ ਸਕਦੇ ਹਨ। ਸ਼੍ਰੀਲੰਕਾ ਦੀ ਸਮੁੰਦਰੀ ਫ਼ੌਜ ਸਮੁੰਦਰੀ ਫ਼ੌਜ ਦੀਆਂ ਪਰੰਪਰਾਵਾਂ ਅਨੁਸਾਰ 163.2 ਮੀਟਰ ਲੰਮੇ ਜੰਗੀ ਬੇੜੇ ਦਾ ਸਵਾਗਤ ਕੀਤਾ।