
ਪੂਰੇ ਪਰਿਵਾਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਿਉਂ ਕੀਤੀ ,ਇਸ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ
Chhattisgarh News : ਛੱਤੀਸਗੜ੍ਹ ਜ਼ਿਲ੍ਹੇ ਦੇ ਜੰਜਗੀਰ ਚੰਪਾ ਜ਼ਿਲ੍ਹੇ ਵਿੱਚ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਆਪਣੇ ਪੂਰੇ ਪਰਿਵਾਰ ਸਮੇਤ ਜ਼ਹਿਰ ਖਾ ਲਿਆ। ਉਨ੍ਹਾਂ ਦੀ ਬਿਲਾਸਪੁਰ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਪੂਰੇ ਪਰਿਵਾਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਿਉਂ ਕੀਤੀ ,ਇਸ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਪੁਲਸ ਨੇ ਉਸ ਦੇ ਘਰ ਨੂੰ ਸੀਲ ਕਰ ਦਿੱਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਕੋਤਵਾਲੀ ਖੇਤਰ ਦੇ ਜੰਜਗੀਰ ਇਲਾਕੇ ਦੇ ਵਾਰਡ ਨੰਬਰ 10 ਦੇ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂ ਪੰਚਰਾਮ ਯਾਦਵ (65) ਨੇ ਆਪਣੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਜ਼ਹਿਰ ਖਾ ਲਿਆ। ਏਐਸਪੀ ਰਾਜੇਂਦਰ ਜੈਸਵਾਲ ਨੇ ਦੱਸਿਆ ਕਿ 30 ਅਗਸਤ ਨੂੰ ਪੰਚਰਾਮ ਯਾਦਵ ਨੇ ਆਪਣੀ ਪਤਨੀ ਦਿਨੇਸ਼ ਨੰਦਨੀ ਯਾਦਵ (55), ਪੁੱਤਰ ਸੂਰਜ ਯਾਦਵ (27) ਅਤੇ ਨੀਰਜ ਯਾਦਵ (32) ਨਾਲ ਮਿਲ ਕੇ ਜ਼ਹਿਰ ਖਾ ਲਿਆ ਸੀ, ਜਿਨ੍ਹਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ 'ਤੇ ਸਾਰਿਆਂ ਨੂੰ ਬਿਲਾਸਪੁਰ ਰੈਫਰ ਕਰ ਦਿੱਤਾ ਗਿਆ ਸੀ। ਨੀਰਜ ਯਾਦਵ ਦੀ ਇੱਥੋਂ ਦੇ ਸਿਮਸ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਪੰਚਰਾਮ ਯਾਦਵ, ਦਿਨੇਸ਼ ਨੰਦਨੀ ਯਾਦਵ ਅਤੇ ਸੂਰਜ ਯਾਦਵ ਨੂੰ ਆਰਬੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ 31 ਅਗਸਤ ਦੀ ਦੇਰ ਰਾਤ ਤਿੰਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
40 ਲੱਖ ਰੁਪਏ ਦਾ ਲਿਆ ਸੀ ਕਰਜ਼ਾ
ਜਾਣਕਾਰੀ ਅਨੁਸਾਰ ਪੰਚਰਾਮ ਯਾਦਵ ਠੇਕੇਦਾਰ ਦਾ ਕੰਮ ਕਰਦਾ ਸੀ ਅਤੇ ਉਸ ਨੇ ਪਹਿਲਾਂ ਦੋ ਬੈਂਕਾਂ ਤੋਂ 40 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਉਹ ਦਿਲ ਦਾ ਮਰੀਜ਼ ਵੀ ਸੀ, ਜਦਕਿ ਉਸ ਦੀ ਪਤਨੀ ਕੈਂਸਰ ਤੋਂ ਪੀੜਤ ਸੀ। ਨੀਰਜ ਯਾਦਵ ਪ੍ਰਾਈਵੇਟ ਨੌਕਰੀ ਕਰਦਾ ਸੀ। ਸੂਰਜ ਯਾਦਵ ਠੇਕੇਦਾਰੀ ਦਾ ਕੰਮ ਕਰਦਾ ਸੀ।
ਘਰ ਦੇ ਦੋਵੇਂ ਪਾਸੇ ਦੇ ਗੇਟ ਕਰ ਦਿੱਤੇ ਸੀ ਬੰਦ
ਸਥਾਨਕ ਲੋਕਾਂ ਅਨੁਸਾਰ ਕਿਸੇ ਨੂੰ ਪਤਾ ਨਾ ਲੱਗ ਸਕੇ, ਇਸ ਲਈ ਉਨ੍ਹਾਂ ਨੇ ਮੂਹਰਲੇ ਦਰਵਾਜ਼ੇ ਨੂੰ ਤਾਲਾ ਲਗਾ ਦਿੱਤਾ ਸੀ ਅਤੇ ਪਿਛਲੇ ਦਰਵਾਜ਼ੇ ਰਾਹੀਂ ਜਾ ਕੇ ਅੰਦਰੋਂ ਦਰਵਾਜ਼ਾ ਵੀ ਬੰਦ ਕਰ ਲਿਆ ਸੀ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਗੁਆਂਢ 'ਚ ਰਹਿਣ ਵਾਲੀ ਇਕ ਲੜਕੀ ਉਸ ਦੇ ਘਰ ਗਈ। ਜਦੋਂ ਦੋ-ਤਿੰਨ ਵਾਰ ਫੋਨ ਕਰਨ 'ਤੇ ਵੀ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਦਿੱਤੀ। ਫਿਰ ਜਦੋਂ ਗੁਆਂਢੀਆਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰੇ ਜ਼ਖਮੀ ਹਾਲਤ 'ਚ ਪਏ ਪਾਏ ਗਏ, ਜਿਨ੍ਹਾਂ ਨੂੰ ਤੁਰੰਤ ਜ਼ਿਲਾ ਹਸਪਤਾਲ ਜੰਜਗੀਰ 'ਚ ਦਾਖਲ ਕਰਵਾਇਆ ਗਿਆ ਸੀ।