
ਕਿਹਾ, ‘‘ਜੰਮੂ-ਕਸ਼ਮੀਰ ਦੇ ਨੌਜੁਆਨਾਂ ਨੂੰ ਧੋਖਾ ਦੇਣਾ ਭਾਜਪਾ ਦੀ ਇਕੋ ਇਕ ਨੀਤੀ ਹੈ
Jammu and Kashmir elections : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਦੇ ਨੌਜੁਆਨਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕੋ ਇਕ ਨੀਤੀ ਧੋਖਾ ਦੇਣਾ ਹੈ ਅਤੇ ਉਹ ਆਉਣ ਵਾਲੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਂਡ ਕੰਪਨੀ ਨੂੰ ਹਟਾ ਦੇਣਗੇ।
ਖੜਗੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਜੰਮੂ-ਕਸ਼ਮੀਰ ’ਚ ਨੌਜੁਆਨਾਂ ਦੀ ਬੇਰੁਜ਼ਗਾਰੀ ਦਰ ਮਾਰਚ ’ਚ 28.2 ਫੀ ਸਦੀ (ਪੀ.ਐਲ.ਐਫ਼.ਐਸ.) ਸੀ। ਉਨ੍ਹਾਂ ਕਿਹਾ, ‘‘ਜੰਮੂ-ਕਸ਼ਮੀਰ ਦੇ ਨੌਜੁਆਨਾਂ ਨੂੰ ਧੋਖਾ ਦੇਣਾ ਭਾਜਪਾ ਦੀ ਇਕੋ ਇਕ ਨੀਤੀ ਹੈ।’’
ਖੜਗੇ ਨੇ ਦਾਅਵਾ ਕੀਤਾ, ‘‘ਕਈ ਇਮਤਿਹਾਨ ਦੇ ਪ੍ਰਸ਼ਨ ਲੀਕ, ਰਿਸ਼ਵਤਖੋਰੀ ਅਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕਾਰਨ ਵੱਖ-ਵੱਖ ਵਿਭਾਗਾਂ ’ਚ ਭਰਤੀ ’ਚ ਚਾਰ ਸਾਲ ਦੀ ਦੇਰੀ ਹੋਈ ਹੈ। ਜੰਮੂ-ਕਸ਼ਮੀਰ ’ਚ ਸਰਕਾਰੀ ਵਿਭਾਗਾਂ ’ਚ 2019 ਤੋਂ 65 ਫੀ ਸਦੀ ਅਸਾਮੀਆਂ ਖਾਲੀ ਪਈਆਂ ਹਨ।’’ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ 60,000 ਤੋਂ ਵੱਧ ਸਰਕਾਰੀ ਦਿਹਾੜੀਦਾਰ 15 ਸਾਲਾਂ ਤੋਂ ਵੱਧ ਸਮੇਂ ਤੋਂ ਸਖਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਤੀ ਦਿਨ ਸਿਰਫ 300 ਰੁਪਏ ਮਿਲਦੇ ਹਨ।
ਕਾਂਗਰਸ ਆਗੂ ਨੇ ਕਿਹਾ, ‘‘ਲੰਮੇ ਸਮੇਂ ਤਕ ਸੇਵਾ ਕਰਨ ਦੇ ਬਾਵਜੂਦ, ਉਹ ਬਿਜਲੀ, ਜਨਤਕ ਸਿਹਤ ਅਤੇ ਇੰਜੀਨੀਅਰਿੰਗ ਵਰਗੇ ਜ਼ਰੂਰੀ ਵਿਭਾਗਾਂ ’ਚ ਠੇਕੇ ਦੇ ਆਧਾਰ ’ਤੇ ਵੀ ਕੰਮ ਕਰ ਰਹੇ ਹਨ, ਜੋ ਰੁਜ਼ਗਾਰ ਸੰਕਟ ਦੀ ਚਿੰਤਾਜਨਕ ਪ੍ਰਕਿਰਤੀ ਨੂੰ ਉਜਾਗਰ ਕਰਦਾ ਹੈ।’’ ਉਨ੍ਹਾਂ ਕਿਹਾ, ‘‘ਭਾਜਪਾ ਨੇ ਜੰਮੂ-ਕਸ਼ਮੀਰ ’ਚ ਉਦਯੋਗ ਸਥਾਪਤ ਕਰਨ ਦਾ ਵਾਅਦਾ ਕੀਤਾ ਸੀ ਪਰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕੋਈ ਵੱਡੀ ਨਿਰਮਾਣ ਇਕਾਈ ਨਹੀਂ ਹੈ।’’
90 ਮੈਂਬਰੀ ਜੰਮੂ-ਕਸ਼ਮੀਰ ਵਿਧਾਨ ਸਭਾ ਲਈ ਤਿੰਨ ਪੜਾਵਾਂ ’ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਚੋਣਾਂ ਹੋਣਗੀਆਂ ਅਤੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।