
ਕਥਿਤ ਤੌਰ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੰਦੇ ਹੋਏ ਸਾਗਰ ਅੰਸਾਰੀ ਤੋਂ ਪੈਸੇ ਵਸੂਲੇ
Goa News : ਗੋਆ ਦੇ ਪੋਰਵੋਰਿਮ ’ਚ ਪੰਜਾਬ ਦੇ ਇਕ ਸੈਲਾਨੀ ਤੋਂ ਕਥਿਤ ਤੌਰ ’ਤੇ ਪੈਸੇ ਵਸੂਲਣ ਦੇ ਦੋਸ਼ ’ਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਮੁਲਜ਼ਮਾਂ ਦੀ ਪਛਾਣ ਮੁੰਬਈ ਦੀ ਬਬੀਤਾ ਰਮੇਸ਼ ਉਪਾਧਿਆਏ, ਪਛਮੀ ਬੰਗਾਲ ਦੀ ਸੁਤਾਪਾ ਬੈਨਰਜੀ ਅਤੇ ਪਛਮੀ ਬੰਗਾਲ ਦੀ ਰਹਿਣ ਵਾਲੀ ਦੀਪਕ ਸਲਗਾਓਂਕਰ ਵਜੋਂ ਕੀਤੀ ਹੈ।
ਉਨ੍ਹਾਂ ਕਿਹਾ, ‘‘ਤਿੰਨਾਂ ਨੂੰ ਸਾਗਰ ਅੰਸਾਰੀ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਅਤੇ ਉਸ ਦੇ ਦੋਸਤ ਨੂੰ 30 ਅਗੱਸਤ ਨੂੰ ਮੁਲਜ਼ਮਾਂ ਦੇ ਬੈਂਕ ਖਾਤਿਆਂ ’ਚ 20,000 ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ਸੀ। ਅਸੀਂ ਕੈਲੰਗੁਟ ’ਚ ਸਲਗਾਓਂਕਰ ਵਲੋਂ ਵਰਤੀ ਗਈ ਕਾਰ ਦਾ ਪਿੱਛਾ ਕੀਤਾ ਅਤੇ ਬਾਅਦ ’ਚ ਅੰਜੁਨਾ ਤੋਂ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ।’’
ਅਧਿਕਾਰੀ ਨੇ ਦਸਿਆ ਕਿ ਦੋਵੇਂ ਔਰਤਾਂ ਖ਼ੁਦ ਨੂੰ ਵੇਸਵਾਗਮਨੀ ਰੈਕੇਟ ਦੀ ਮੈਂਬਰ ਦੱਸ ਕੇ ਅੰਸਾਰੀ ਨੂੰ ਮਿਲੀਆਂ ਅਤੇ ਉਸ ਦੇ ਵਿਰੁਧ ਜਬਰ ਜਨਾਹ ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੰਦੇ ਹੋਏ ਉਸ ਤੋਂ ਪੈਸੇ ਵਸੂਲੇ।