
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਕੀਤਾ ਉਦਘਾਟਨ, 10 ਦਿਨਾਂ ਤਕ ਕੀਤੀ ਜਾਵੇਗੀ ਸਖ਼ਤ ਜਾਂਚ
Vande Bharat Sleeper Coach : ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਐਤਵਾਰ ਨੂੰ ਇੱਥੇ ਬੀ.ਈ.ਐਮ.ਐਲ. ਦੇ ਕਾਰਖ਼ਾਨੇ ’ਚ ‘ਵੰਦੇ ਭਾਰਤ ਐਕਸਪ੍ਰੈਸ’ ਦੇ ਸਲੀਪਰ ਕੋਚਾਂ ਦੇ ਪ੍ਰੋਟੋਟਾਈਪ ਸੰਸਕਰਣ ਦਾ ਉਦਘਾਟਨ ਕੀਤਾ। ਵੈਸ਼ਣਵ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੋਚ ਦੀ 10 ਦਿਨਾਂ ਤਕ ਸਖਤ ਜਾਂਚ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਪਟੜੀਆਂ ’ਤੇ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਅਗਲੇ ਤਿੰਨ ਮਹੀਨਿਆਂ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਵੈਸ਼ਣਵ ਨੇ ਕਿਹਾ, ‘‘ਵੰਦੇ ਭਾਰਤ ਚੇਅਰ ਕਾਰ ਤੋਂ ਬਾਅਦ ਅਸੀਂ ਵੰਦੇ ਭਾਰਤ ਸਲੀਪਰ ਕਾਰ ’ਤੇ ਕੰਮ ਕਰ ਰਹੇ ਸੀ। ਇਸ ਦਾ ਨਿਰਮਾਣ ਹੁਣ ਪੂਰਾ ਹੋ ਗਿਆ ਹੈ। ਇਨ੍ਹਾਂ ਰੇਲ ਗੱਡੀਆਂ ਨੂੰ ਅੱਜ ਪ੍ਰੀਖਣਾਂ ਲਈ ਬੀ.ਈ.ਐਮ.ਐਲ. ਸਹੂਲਤ ਤੋਂ ਬਾਹਰ ਲਿਜਾਇਆ ਜਾਵੇਗਾ।’’
ਵੰਦੇ ਭਾਰਤ ਸਲੀਪਰ ਕੋਚ ਦੇ ਪ੍ਰੋਟੋਟਾਈਪ ਦੀ ਸਹੀ ਢੰਗ ਨਾਲ ਜਾਂਚ ਹੋਣ ਤੋਂ ਬਾਅਦ ਉਤਪਾਦਨ ਲੜੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ, ‘‘ਅਸੀਂ ਡੇਢ ਸਾਲ ਬਾਅਦ ਉਤਪਾਦਨ ਲੜੀ ਸ਼ੁਰੂ ਕਰਾਂਗੇ। ਫਿਰ ਅਮਲੀ ਤੌਰ ’ਤੇ ਹਰ ਮਹੀਨੇ ਦੋ ਤੋਂ ਤਿੰਨ ਰੇਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।’’
ਮੰਤਰੀ ਨੇ ਕਿਹਾ ਕਿ ਨਵੀਂ ਰੇਲ ਗੱਡੀ ਦਾ ਡਿਜ਼ਾਈਨ ਬਣਾਉਣਾ ਬਹੁਤ ਗੁੰਝਲਦਾਰ ਕੰਮ ਹੈ। ਵੰਦੇ ਭਾਰਤ ਸਲੀਪਰ ਕਾਰ ’ਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ 16 ਡੱਬਿਆਂ ਵਾਲੀ ਵੰਦੇ ਭਾਰਤ ਸਲੀਪਰ ਰੇਲ ਗੱਡੀ ਰਾਤ ਭਰ ਦੇ ਸਫ਼ਰ ਲਈ ਹੈ ਅਤੇ ਇਹ 800 ਕਿਲੋਮੀਟਰ ਤੋਂ 1200 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਰੇਲ ਗੱਡੀ ਦੀਆਂ ਹੋਰ ਵਿਸ਼ੇਸ਼ਤਾਵਾਂ ਆਕਸੀਜਨ ਦਾ ਪੱਧਰ ਅਤੇ ਵਾਇਰਸ ਸੁਰੱਖਿਆ ਹਨ। ਇਹ ਸਬਕ ਕੋਵਿਡ-19 ਮਹਾਂਮਾਰੀ ਤੋਂ ਲਿਆ ਗਿਆ ਹੈ। ਉਨ੍ਹਾਂ ਕਿਹਾ, ‘‘ਇਹ ਮੱਧ ਵਰਗੀ ਰੇਲ ਗੱਡੀ ਹੋਵੇਗੀ ਅਤੇ ਇਸ ਦਾ ਕਿਰਾਇਆ ਰਾਜਧਾਨੀ ਐਕਸਪ੍ਰੈਸ ਦੇ ਬਰਾਬਰ ਹੋਵੇਗਾ।’’
ਵੰਦੇ ਇੰਡੀਆ ’ਚ ਘਟੀਆ ਮਿਆਰ ਵਾਲੇ ਭੋਜਨ ਦੀਆਂ ਸ਼ਿਕਾਇਤਾਂ ’ਤੇ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਰੋਜ਼ਾਨਾ 13 ਲੱਖ ਭੋਜਨ ਦੇ ਪੈਕੇਟ ਪਰੋਸਦਾ ਹੈ ਅਤੇ ਸ਼ਿਕਾਇਤਾਂ 0.01 ਤੋਂ ਘੱਟ ਹਨ। ਉਨ੍ਹਾਂ ਕਿਹਾ, ‘‘ਪਰ ਫਿਰ ਵੀ ਅਸੀਂ ਸ਼ਿਕਾਇਤਾਂ ਬਾਰੇ ਬਹੁਤ ਚਿੰਤਤ ਹਾਂ ਅਤੇ ਅਸੀਂ ਕੈਟਰਰਾਂ ਦੇ ਨਾਲ-ਨਾਲ ਸਪਲਾਇਰਾਂ ਵਿਰੁਧ ਬਹੁਤ ਸਖਤ ਕਾਰਵਾਈ ਕੀਤੀ ਹੈ।’’