
ਸਜ਼ਾ ਦੇ ਨਾਲ ਦੋਸ਼ੀ ਨੂੰ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ
ਪਤਨਮਤਿੱਟਾ- ਕੇਰਲ ਤੋਂ ਇੱਕ ਵੱਖਰੀ ਹੀ ਕਿਸਮ ਦੀ ਖ਼ਬਰ ਪ੍ਰਾਪਤ ਹੋਈ ਹੈ ਜਿਸ 'ਚ ਇੱਥੋਂ ਦੀ ਇੱਕ ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ ਇੱਕ 41 ਸਾਲਾ ਵਿਅਕਤੀ ਨੂੰ ਨਾਬਾਲਿਗ ਲੜਕੀ ਨਾਲ ਦੋ ਸਾਲ ਤੱਕ ਬਲਾਤਕਾਰ ਕਰਨ ਦੇ ਦੋਸ਼ ਵਿੱਚ 142 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਪਤਨਮਤਿੱਟਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਆਨੰਦਨ ਪੀਆਰ ਨੂੰ 142 ਸਾਲ ਦੀ ਕੈਦ ਅਤੇ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਪੋਕਸੋ ਮਾਮਲੇ ਵਿੱਚ ਕਿਸੇ ਦੋਸ਼ੀ ਨੂੰ ਦਿੱਤੀ ਗਈ ਇਹ ਸਭ ਤੋਂ ਵੱਧ ਸਜ਼ਾ ਹੈ। ਹਾਲਾਂਕਿ, ਫ਼ਿਲਹਾਲ ਦੋਸ਼ੀ ਨੂੰ ਕੁੱਲ 60 ਸਾਲ ਦੀ ਕੈਦ ਕੱਟਣ ਦੀ ਗੱਲ ਵੀ ਇਸ ਰਿਲਿਜ਼ ਵਿੱਚ ਕਹੀ ਗਈ ਹੈ। 41 ਸਾਲਾ ਦੋਸ਼ੀ 10 ਸਾਲਾ ਪੀੜਤਾ ਦਾ ਰਿਸ਼ਤੇਦਾਰ ਹੈ।
ਉਸ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 506 (ਅਪਰਾਧਿਕ ਧਮਕੀ) ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੋਸ਼ੀ ਨੇ 2019-2021 ਦੌਰਾਨ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ।