
ਨਵਜੋਤ ਸਿੱਧੂ ਅਗਲੇ 10 ਦਿਨ ਤੱਕ ਮੌਨ ਰਹਿਣਗੇ।
ਪਟਿਆਲਾ : 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੌਨ ਵਰਤ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਟਵੀਟ ਕਰਕੇ ਦਿੱਤੀ ਹੈ। ਨਵਜੋਤ ਸਿੱਧੂ ਅਗਲੇ 10 ਦਿਨ ਤੱਕ ਮੌਨ ਰਹਿਣਗੇ।
ਨਵਜੋਤ ਕੌਰ ਸਿੱਧੂ ਨੇ ਟਵੀਟ ਕਰ ਕੇ ਕਿਹਾ ਹੈ ਕਿ ਹੁਣ ਉਹ (ਨਵਜੋਤ ਸਿੰਘ ਸਿੱਧੂ) 5 ਅਕਤੂਬਰ ਤੱਕ ਬਿਲਕੁਲ ਮੌਨ ਰਹਿਣਗੇ ਅਤੇ ਇਸ ਤੋਂ ਬਾਅਦ ਹੀ ਉਹ ਸਾਰਿਆਂ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਇਹ ਮੌਨ ਵਰਤ ਵਿਜੇ ਦਸ਼ਮੀ ਤੱਕ ਜਾਰੀ ਰਹੇਗਾ। ਲਿਹਾਜ਼ਾ ਮਿਲਣ ਆਉਣ ਵਾਲਿਆਂ ਨੂੰ ਅਪੀਲ ਹੈ ਕਿ ਉਹ ਨਰਾਤਿਆਂ ਤੋਂ ਬਾਅਦ ਹੀ ਮੁਲਾਕਾਤ ਲਈ ਆਉਣ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਪਹਿਲਾਂ ਵੀ ਕਈ ਵਾਰ ਮੌਨ ਵਰਤ ਧਾਰਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਅਕਤੂਬਰ 2021 ਨੂੰ ਨਵਜੋਤ ਸਿੰਘ ਸਿੱਧੂ ਲਖੀਮਪੁਰ ਖੀਰੀ ਵਿਚ ਹੋਏ ਹਾਦਸੇ ਤੋਂ ਬਾਅਦ ਜਦੋਂ ਮ੍ਰਿਤਕ ਕਿਸਾਨ ਦੇ ਘਰ ਗਏ ਸਨ ਤਾਂ ਮੌਨਵਰਤ ’ਤੇ ਬੈਠੇ ਸਨ। ਮਾਰਚ 2022 ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਵੀ ਉਹ ਮੌਨਵਰਤ ’ਤੇ ਰਹੇ ਸਨ।