
ਕਾਰ 'ਤੇ ਪਲਟਿਆ ਸੇਬਾਂ ਨਾਲ ਭਰਿਆ ਟਰੱਕ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਧਾਲੀ ਥਾਣਾ ਖੇਤਰ ਦੇ ਛੇਹਰਬਾੜਾ ਨੇੜੇ ਗ੍ਰੀਨ ਵੈਲੀ 'ਚ ਸੇਬਾਂ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਕਾਰ ਦੇ ਉੱਪਰ ਪਲਟ ਗਿਆ। ਕਾਰ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਜਾਂਚ 'ਚ ਜੁਟੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਐਸਐਚਓ ਧਰਮ ਸੇਨ ਨੇਗੀ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਆਈਜੀਐਮਸੀ ਸ਼ਿਮਲਾ ਵਿਖੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਸੂਰਤ ਰਾਮ (45) ਪੁੱਤਰ ਜਗਤ ਰਾਮ ਪਿੰਡ ਆਰਾ ਟਿੱਕਰੀ, ਪ੍ਰਤਾਪ (71) ਪਿੰਡ ਸ਼ੈਹਰੀ, ਡਾਕਖਾਨਾ ਕਰਹਾਲ ਅਤੇ ਕ੍ਰਿਪਾਰਾਮ ਪੁੱਤਰ ਮਾਨ ਦਾਸ ਪਿੰਡ ਕੁਸ਼ਵਾਹਾ ਟਿੱਕਰੀ, ਤਹਿਸੀਲ ਚੌਪਾਲ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।