ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਸੀ ਮ੍ਰਿਤਕ ਕਰਮਜੀਤ ਕੌਰ
ਸਿਰਸਾ: ਹਰਿਆਣਾ ਦੇ ਸਿਰਸਾ ਦੇ ਪਿੰਡ ਰਿਸਾਲੀਆ ਖੇੜਾ ਵਿੱਚ ਨਰਮਾ ਚੁੱਗਣ ਲਈ ਖੇਤਾਂ ਵਿੱਚ ਗਏ ਇੱਕ ਵਿਅਕਤੀ ਅਤੇ ਔਰਤ ਦੀ ਡਿੱਗ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਹਾਦਸੇ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਡਿੱਗ ਦੇ ਪਾਣੀ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਕੌਰ (45) ਵਾਸੀ ਮੋੜ ਨਾਭਾ ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ (ਪੰਜਾਬ) ਆਪਣੇ ਪਰਿਵਾਰ ਸਮੇਤ ਗਿੰਦੜਾ ਰੋਡ ਰਿਸਾਲੀਆ ਖੇੜਾ 'ਤੇ ਇਕ ਜ਼ਿਮੀਂਦਾਰ ਦੇ ਖੇਤ 'ਚ ਨਰਮੇ ਨੂੰ ਚੁਗਣ ਲਈ ਗਈ ਹੋਈ ਸੀ | ਔਰਤ ਨਹਾਉਣ ਲਈ ਖੇਤ ਵਿੱਚ ਬਣੀ ਡਿੱਗ ਤੋਂ ਪਾਣੀ ਲੈਣ ਗਈ ਸੀ। ਜਦੋਂ ਪਾਣੀ ਬਾਹਰ ਕੱਢਣ ਲੱਗੀ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਡਿੱਗ ਵਿੱਚ ਡਿੱਗ ਕੇ ਡੁੱਬਣ ਲੱਗੀ।
ਔਰਤ ਨੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦਾ ਰੌਲਾ ਸੁਣ ਕੇ ਮਜ਼ਦੂਰ ਗੁਰਜੰਟ ਸਿੰਘ ਆਇਆ ਅਤੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਡੁੱਬਣ ਵਾਲੀ ਔਰਤ ਕਰਮਜੀਤ ਕੌਰ ਨੇ ਆਪਣੇ ਦੋਵੇਂ ਹੱਥ ਗੁਰਜੰਟ ਸਿੰਘ ਦੇ ਗਲ ਵਿੱਚ ਪਾ ਦਿੱਤੇ। ਇਸ ਤੋਂ ਬਾਅਦ ਦੋਵੇਂ ਪਾਣੀ 'ਚ ਡੁੱਬ ਗਏ।
ਔਰਤ ਅਤੇ ਨੌਜਵਾਨ ਦੇ ਡੁੱਬਣ ਦੀ ਸੂਚਨਾ 'ਤੇ ਗੋਤਾਖੋਰ ਨੂੰ ਬੁਲਾਇਆ ਗਿਆ। ਦੋਵਾਂ ਨੂੰ ਡਿੱਗ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ। ਜਦੋਂ ਤੱਕ ਦੋਹਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੱਬਵਾਲੀ ਪਹੁੰਚਾਇਆ। ਪਰਿਵਾਰਕ ਮੈਂਬਰਾਂ ਨੇ ਦੋਵਾਂ ਦੀ ਮੌਤ ਨੂੰ ਹਾਦਸਾ ਦੱਸਿਆ ਹੈ। ਪੁਲਿਸ ਨੇ ਉਸ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਦੋਵੇਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।